ਸੁਭਾਸ਼ ਚੰਦਰ
ਸਮਾਣਾ, 11 ਮਈ
ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਹਲਕਾ ਸਮਾਣਾ ’ਚ ਕਰੋਨਾ ਪੀੜਤ ਮਰੀਜ਼ਾ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਸਿਵਲ ਹਸਪਤਾਲ ਸਮਾਣਾ ਵਿਚ ਕਰੋਨਾ ਮਰੀਜ਼ਾ ਦੇ ਇਲਾਜ ਲਈ 5 ਵੈਂਟੀਲੇਟਰ, 364 ਕਰੋਨਾ ਕਿੱਟਾਂ ਅਤੇ ਮਾਹਿਰ ਡਾਕਟਰਾਂ ਸਣੇ ਸਟਾਫ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ, ਜਿਸ ਦਾ ਸਾਰਾ ਖਰਚ ਉਨ੍ਹਾਂ ਵੱਲੋਂ ਕੀਤਾ ਜਾਵੇਗਾ। ਰੱਖੜਾ ਨੇ ਸੂਬੇ ਵਿਚ ਕਰੋਨਾ ਬਿਮਾਰੀ ਨਾਲ ਮਰ ਰਹੇ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਕਾਂਗਰਸ ਦੀ ਸਰਕਾਰ ਸੂਬੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਸੁਰਜੀਤ ਸਿੰਘ ਰੱਖੜਾ ਨੇ ਅੱਗੇ ਕਿਹਾ ਕਿ ਕਰੋਨਾ ਪੀੜਤ ਮਰੀਜ਼ਾ ਲਈ ਉਹ ਹਮੇਸ਼ਾ ਹਰ ਸਮੇਂ ਤਿਆਰ ਹਨ। ਇਸ ਨਾਲ ਰਾਜਨੀਤੀ ਦਾ ਕੋਈ ਸੰਬਧ ਨਹੀਂ। ਉਨ੍ਹਾਂ ਸਿਵਲ ਹਸਪਤਾਲ ਸਮਾਣਾ ਦਾ ਦੌਰਾ ਵੀ ਕੀਤਾ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਪੀੜਤ ਮਰੀਜ਼ਾਂ ਦਾ ਬਿਨਾਂ ਕਿਸੇ ਪੱਖਪਾਤ ਤੋਂ ਇਲਾਜ ਕੀਤਾ ਜਾਵੇ।