ਸਰਬਜੀਤ ਸਿੰਘ ਭੰਗੂ
ਪਟਿਆਲਾ, 11 ਜੁਲਾਈ
ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ ਅਤੇ ਹੋਰ ਮੰਗਾਂ ਦੀ ਪੂਰਤੀ ਲਈ ਜਿਥੇ ਮੁਲਾਜ਼ਮਾਂ ਵੱਲੋਂ ਨਿੱਤ ਧਰਨੇ, ਮੁਜ਼ਾਹਰੇ ਅਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਉਥੇ ਹਾਕਮਾਂ ਨੂੰ ਹਲੂਣਾ ਦੇਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਵਿਚ ਮੁਲਾਜ਼ਮਾਂ ਨੇ ਅੱਜ ਸਿਖ਼ਰ ਦੁਪਹਿਰੇ ਜਾਗੋ ਕੱਢੀ। ਜਾਗੋ ਦੇ ਬੈਨਰ ਹੇਠਲੇ ਇਸ ਪ੍ਰਦਰਸ਼ਨ ਦੀ ਅਗਵਾਈ ਕਲਾਸ ਫੋਰਥ ਗੌਰਮਿੰਟ ਐਪਲਾਈਜ਼ ਯੂਨੀਅਨ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਕੀਤੀ। ਜਾਗੋ ਲਈ ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਦੀ ਚੋਣ ਕੀਤੀ ਗਈ, ਕਿਉਂਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਾਲ਼ੀ ਸਬ ਕੈਬਨਿਟ ਕਮੇਟੀ ਦੇ ਮੁਖੀ ਪਟਿਆਲਾ ਦਿਹਾਤੀ ਹਲਕੇ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਹਨ। ਕੜਾਕੇਦਾਰ ਧੁੱਪ ਅਤੇ ਗਰਮੀ ਦੇ ਬਾਵਜੂਦ ਇਸ ਹਲਕੇ ਦੇ ਮੁਹੱਲਿਆਂ ਅਤੇ ਬਜ਼ਾਰਾਂ ਵਿਚੋਂ ਦੀ ਹੁੰਦੀ ਹੋਈ ਜਾਗੋ ਪੰਜਾਬ ਸਰਕਾਰ ਦੇ ਹਾਕਮਾਂ ਨੂੰ ਜਾਗਣ ਦਾ ਹੋਕਾ ਦਿੰਦੀ ਹੋਈ ਲੋਕਾਂ ਨੂੰ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਜਾਣੂ ਕਰਵਾਉਂਦੀ ਗਈ। ਕੱਚੇ ਕਾਮੇ ਪੱਕੇ ਕਰਨ, ਕੰਮ ਬਰਾਬਰ ਤਨਖਾਹ, ਪੈਨਸ਼ਨ ਸਕੀਮ ਦੀ ਬਹਾਲੀ ਅਤੇ ਤਨਖਾਹ ਕਮਿਸ਼ਨ ਦੀ ਲੰਗੜੀ ਰਿਪੋਰਟ ਅਤੇ ਰੈਗੂਲੇਸ਼ਨ ਐਕਟ 2020 ਵਿੱਚ ਸੋਧਾਂ ਕਰਨ ਸਮੇਤ ਮੁਲਾਜ਼ਮਾਂ ਦੇ ਇਸ ਕਾਫ਼ਲੇ ਨੇ ਹੋਰ ਮੰਗਾਂ ਦੀ ਪੂਰਤੀ ਤੇ ਵੀ ਜ਼ੋਰ ਦਿੱਤਾ। ਇਸ ਜਾਗੋ ਰਾਹੀਂ ਕਰੋਨਾ ਯੋਧਿਆਂ, ਨਰਸਿੰਗ ਅਤੇ ਪੈਰਾਮੈਡੀਕਲ ਸਟਾਫ਼ ਨੂੰ ਪੱਕਾ ਕਰਨ, ਉਜਰਤ 21 ਹਜ਼ਾਰ ਕਰਨ ਵਰਗੇ ਮੁੱਦਿਆਂ ਨੂੰ ਵੀਹ ਜ਼ੋਰ ਸ਼ੋਰ ਨਾਲ ਉਭਾਰਿਆ ਗਿਆ। ਸਰਕਾਰ ਤੋਂ ਖ਼ਫਾ ਇਨ੍ਹਾਂ ਮੁਲਾਜ਼ਮਾਂ ਵੱਲੋਂ ਢੋਲ ਦੇ ਡਗੇ ‘ਤੇ ਬੋਲੀਆਂ ਦੇ ਰੂਪ ‘ਚ ਹਾਕਮਾਂ ਨੂੰ ਤਾਅਨੇ ਮਿਹਣੇ ਦਿੰਦਿਆਂ ਕੁਝ ਇਸ ਤਰ੍ਹਾਂ ਦੀਆਂ ਬੋਲੀਆਂ ਪਾਈਆਂ।
” ਰਾਜਿਆ ਜਾਗ ਬਈ ਹੁਣ ਜਾਗੋ ਆਈਆ।।
“ਬ੍ਰਹਮ ਮਹਿੰਦਰਿਆ ਤੂੰ ਵੀ ਜਾਗ ਪੈ ਹੁਣ ਜਾਗੋ ਆਈਆ॥
“ਹਾਕਮੋ ਜਾਗਣਾ ਹੀ ਪੈਣੈ ਬਈ ਹੁਣ ਜਾਗੋ ਆਈ ਆ”
ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਜਗਮੋਹਨ ਸਿੰਘ ਨੋਲੱਖਾ,ਰਾਮ ਕ੍ਰਿਸ਼ਨ, ਮਾਧੋ ਲਾਲ, ਸੂਰਜ ਪਾਲ ਯਾਦਵ,ਸਵਰਨ ਸਿੰਘ ਬੰਗਾ, ਅਸ਼ੋਕ ਕੁਮਾਰ ਬਿੱਟੂ, ਦਰਸ਼ੀ ਕਾਂਤ, ਪਰਮਜੀਤ ਕੌਰ, ਗੁਰਦਰਸ਼ਨ ਸਿੰਘ, ਪ੍ਰੀਤਮ ਚੰਦ ਠਾਕਰ, ਸ਼ਾਮ ਸਿੰਘ, ਰਾਮ ਲਾਲ ਰਾਮਾ, ਇੰਦਰ ਪਾਲ ਸਿੰਘ ਵਾਲੀਆ ਤੇ ਰਾਮ ਪ੍ਰਸਾਦ ਸਹੋਤਾ ਮੌਜੂਦ ਸਨ।