ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 31 ਮਈ
ਨੈਸ਼ਨਲ ਹਾਈਵੇ ਨੰਬਰ 1 ਚੰਡੀਗੜ੍ਹ-ਅੰਬਾਲਾ ਬਾਈਪਾਸ ਨਜ਼ਦੀਕ ਬਣੇ ਨਵੇਂ ਬੱਸ (ਮਾਡਰਨ ਬੱਸਾਂ ਸਟੈਂਡ) ਅੱਡੇ ਵਿਚੋਂ ਨਿਕਲਦੀਆਂ ਬੱਸਾਂ ਹਾਦਸਿਆਂ ਨੂੰ ਸੱਦਾ ਦੇ ਰਹੀਆਂ ਹਨ। ਤਕਨੀਕੀ ਨੁਕਸ ਇਹ ਹੈ ਕਿ ਬੱਸ ਅੱਡੇ ਦੇ ਗੇਟ ਮੂਹਰੇ ਸਰਹਿੰਦ-ਅੰਬਾਲਾ ਜੀਟੀ ਰੋਡ ’ਤੇ ਓਵਰਬ੍ਰਿਜ ਬਣਿਆ ਹੋਇਆ ਹੈ ਜਿਸ ਕਾਰਨ ਸਰਹਿੰਦ ਤੇ ਪਟਿਆਲਾ ਸਾਈਡ ਤੋਂ ਬੱਸਾਂ ਦੀ ਅੱਡੇ ਵਿਚ ਐਂਟਰੀ ਨਹੀਂ ਹੋ ਸਕਦੀ ਕੇਵਲ ਅੰਬਾਲਾ ਤੇ ਚੰਡੀਗੜ੍ਹ ਸਾਈਡ ਤੋਂ ਆਉਣ ਵਾਲੀਆਂ ਬੱਸਾਂ ਹੀ ਅੱਡੇ ਵਿਚ ਦਾਖਲ ਹੋ ਸਕਦੀਆਂ ਹਨ। ਇਵੇਂ ਹੀ ਜਿਨ੍ਹਾਂ ਬੱਸਾਂ ਨੇ ਪਟਿਆਲਾ, ਸਰਹਿੰਦ ਵੱਲ ਜਾਣਾ ਹੁੰਦਾ ਹੈ, ਉਨ੍ਹਾਂ ਲਈ ਬੱਸ ਅੱਡੇ ਵਿਚੋਂ ਨਿਕਲਣਾ ਸੌਖਾ ਹੈ ਪਰ ਜਿਹੜੀਆਂ ਬੱਸਾਂ ਨੇ ਮੁਹਾਲੀ, ਚੰਡੀਗੜ੍ਹ, ਜ਼ੀਰਕਪੁਰ, ਡੇਰਾਬਸੀ ਅਤੇ ਅੰਬਾਲਾ ਜਾਣਾ ਹੁੰਦਾ ਹੈ, ਉਨ੍ਹਾਂ ਬੱਸਾਂ ਨੂੰ ਕੁੱਝ ਮੀਟਰ ਤੱਕ ਉਲਟੀ ਦਿਸ਼ਾ ਵੱਲ ਜਾਣਾ ਪੈਂਦਾ ਹੈ। ਬੱਸਾਂ ਦਾ ਅੱਡੇ ਵਿਚੋਂ ਨਿਕਲਣ ਵੇਲੇ ਚੰਡੀਗੜ੍ਹ, ਅੰਬਾਲਾ ਵਾਲੇ ਪਾਸੇ ਤੋਂ ਆਉਣ ਵਾਲੇ ਤੇਜ਼ ਰਫ਼ਤਾਰ ਵਾਹਨਾਂ ਨੂੰ ਪਤਾ ਨਹੀਂ ਲਗਦਾ ਜਿਸ ਕਾਰਨ ਹਾਦਸਾ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਸ਼ਿਵ ਸੈਨਾ ਦੇ ਪ੍ਰਧਾਨ ਸੰਜੀਵ ਰਾਜਪੁਰਾ, ਸਮਾਜ ਸੇਵੀ ਦਵਿੰਦਰ ਸਿੰਘ, ਪਰਵਿੰਦ ਅਰੋੜਾ, ਐਡਵੋਕੇਟ ਮੁਦਿੱਤ ਭਾਰਦਵਾਜ ਆਦਿ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੱਸ ਸਟੈਂਡ ਦੇ ਐਂਟਰੀ ਪੁਆਇੰਟ ਦੇ ਦੋਵੇਂ ਪਾਸੇ ਸਪੀਡ ਬਰੇਕਰ ਬਣਾਏ ਜਾਣ ਤਾਂ ਵਾਹਨਾਂ ਦੀ ਰਫ਼ਤਾਰ ਘਟਣ ਨਾਲ ਹਾਦਸਿਆਂ ਤੋਂ ਬਚਾਅ ਹੋ ਸਕੇ। ਇਸ ਸਬੰਧੀ ਐੱਸਡੀਐਮ ਰਾਜਪੁਰਾ ਡਾ. ਸੰਜੀਵ ਕੁਮਾਰ ਨੇ ਕਿਹਾ ਕਿ ਉਕਤ ਮਾਮਲਾ ਹੁਣੇ ਹੀ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਉਹ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਨੂੰ ਇਸ ਸਬੰਧੀ ਢੁੱਕਵੀਂ ਕਾਰਵਾਈ ਲਈ ਹਦਾਇਤ ਕਰਨਗੇ।