ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 31 ਮਈ
ਇਥੋਂ ਲੰਘਦੇ ਕੌਮੀ ਮਾਰਗ ’ਤੇ ਚੰਡੀਗੜ੍ਹ-ਅੰਬਾਲਾ ਬਾਈਪਾਸ ਨਜ਼ਦੀਕ ਬਣੇ ਨਵੇਂ ਬੱਸ (ਮਾਡਰਨ ਬੱਸਾਂ ਸਟੈਂਡ) ਅੱਡੇ ਵਿਚੋਂ ਨਿਕਲਣ ਵੇਲੇ ਬੱਸਾਂ ਨਾਲ ਸੜਕ ’ਤੇ ਤੇਜ਼ ਰਫ਼ਤਾਰ ਆਉਂਦੇ ਵਾਹਨ ਟਕਰਾਅ ਸਕਦੇ ਹਨ। ਸ਼ਿਵ ਸੈਨਾ ਦੇ ਪ੍ਰਧਾਨ ਸੰਜੀਵ ਰਾਜਪੁਰਾ, ਸਮਾਜ ਸੇਵੀ ਦਵਿੰਦਰ ਸਿੰਘ, ਪਰਵਿੰਦ ਅਰੋੜਾ, ਐਡਵੋਕੇਟ ਮੁਦਿੱਤ ਭਾਰਦਵਾਜ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੱਸ ਸਟੈਂਡ ਅੱਗੋਂ ਲੰਘਦੀ ਸੜਕ ’ਤੇ ਸਪੀਡ ਬ੍ਰੇਕਰ ਬਣਾਏ ਜਾਣ ਤਾਂ ਜੋ ਬੱਸ ਅੱਡੇ ਵਿਚੋਂ ਬੱਸਾਂ ਦੇ ਨਿਕਲਣ ਵੇਲੇ ਸੜਕ ’ਤੇ ਤੇਜ਼ ਰਫ਼ਤਾਰ ਆਉਂਦੇ ਵਾਹਨ ਟਕਰਾਅ ਨਾ ਜਾਣ। ਜ਼ਿਕਰਯੋਗ ਹੈ ਕਿ ਰਾਜਪੁਰਾ ਬਾਈਪਾਸ ‘ਤੇ 16 ਸਾਲ ਪਹਿਲਾਂ ਨਗਰ ਕੌਂਸਲ ਰਾਜਪੁਰਾ ਵੱਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਏ ਬੱਸ ਸਟੈਂਡ ਦਾ ਆਮ ਆਦਮੀ ਪਾਰਟੀ ਨੇ ਉਦਘਾਟਨ ਕਰ ਕੇ 14 ਅਪਰੈਲ 2022 ਨੂੰ ਮੁੜ ਚਾਲੂ ਕੀਤਾ ਗਿਆ ਸੀ। ਆਪ ਦੀ ਸਰਕਾਰ ਸਮੇਤ ਬੱਸ ਸਟੈਂਡ ਦਾ 16 ਸਾਲਾਂ ਵਿਚ ਚੌਥੀ ਵਾਰ ਉਦਘਾਟਨ ਹੋ ਚੁੱਕਾ ਹੈ। ਸਾਲ 1997 ਵਿਚ ਭਾਜਪਾ ਮੰਤਰੀ ਬਲਰਾਮ ਜੀ ਦਾਸ ਟੰਡਨ ਵੱਲੋਂ, 2002 ਵਿਚ ਕਾਂਗਰਸੀ ਸਾਬਕਾ ਵਿਦੇਸ਼ ਮੰਤਰੀ ਪ੍ਰਨੀਤ ਕੌਰ ਵੱਲੋਂ, 2007 ਵਿਚ ਅਕਾਲੀ-ਭਾਜਪਾ ਗੱਠਜੋੜ ਦੇ ਟਰਾਂਸਪੋਰਟ ਮੰਤਰੀ ਮਾਸਟਰ ਮੋਹਨ ਲਾਲ ਵੱਲੋਂ ਉਦਘਾਟਨ ਕੀਤਾ ਜਾ ਚੁੱਕਾ ਹੈ। ਇਸ ਸਬੰਧੀ ਐੱਸਡੀਐਮ ਰਾਜਪੁਰਾ ਡਾ. ਸੰਜੀਵ ਕੁਮਾਰ ਨੇ ਕਿਹਾ ਕਿ ਮਾਮਲਾ ਹੁਣੇ ਹੀ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ, ਉਹ ਭਲਕੇ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਨੂੰ ਇਸ ਸਬੰਧੀ ਢੁਕਵੀਂ ਕਾਰਵਾਈ ਲਈ ਹਦਾਇਤ ਕਰਨਗੇ।