ਬਹਾਦਰ ਸਿੰਘ ਮਰਦਾਂਪੁਰ/ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 13 ਅਪਰੈਲ
ਰਾਜਪੁਰਾ ਬਾਈਪਾਸ ‘ਤੇ ਲਗਪਗ 16 ਸਾਲ ਪਹਿਲਾਂ ਨਗਰ ਕੌਂਸਲ ਰਾਜਪੁਰਾ ਵੱਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਏ ਬੱਸ ਸਟੈਂਡ ਦਾ ਚੌਥੀ ਵਾਰ ਉਦਘਾਟਨ ਹੋਣ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹਲਕਾ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਨੇ 16 ਸਾਲਾਂ ਤੋਂ ਚਿੱਟਾ ਹਾਥੀ ਬਣੇ ਉਕਤ ਬੱਸ ਸਟੈਂਡ ਨੂੰ ਚਾਲੂ ਕਰਨ ਨੂੰ ਆਪਣੇ ਪ੍ਰਮੁੱਖ ਕਾਰਜਾਂ ਵਿਚ ਲਿਆ ਹੈ। ਇਸੇ ਲਈ ਨਗਰ ਕੌਂਸਲ ਵੱਲੋਂ 14 ਅਪਰੈਲ ਨੂੰ ਚਾਲੂ ਕੀਤੇ ਜਾ ਰਹੇ ਬੱਸ ਸਟੈਂਡ ਦੀ ਨੁਹਾਰ ਬਦਲਣ ਲਈ ਜੰਗੀ ਪੱਧਰ ‘ਤੇ ਕੰਮ ਕੀਤਾ ਗਿਆ।
ਭਾਵੇਂ ਕਿ ਬੱਸ ਅੱਡਾ ਚਾਲੂ ਕਰਨ ਲਈ ਸਬੰਧਿਤ ਅਫ਼ਸਰਾਂ ਦੁਆਰਾ ਜਾਇਜ਼ਾ ਲਿਆ ਜਾ ਰਿਹਾ ਹੈ ਪਰ ਅਸਲੀਅਤ ਇਹ ਹੈ ਕਿ ਉਕਤ ਬੱਸ ਅੱਡੇ ਅੰਦਰ ਬੱਸਾਂ ਦਾ ਆਉਣਾ ਜਾਣਾ ਸੁਖਾਲ਼ਾ ਨਹੀਂ ਹੈ। ਤਕਨੀਕੀ ਨੁਕਸ ਇਹ ਹੈ ਕਿ ਬੱਸ ਅੱਡੇ ਦੇ ਗੇਟ ਮੂਹਰੇ ਸਰਹਿੰਦ-ਅੰਬਾਲਾ ਜੀਟੀ ਰੋਡ ‘ਤੇ ਓਵਰਬ੍ਰਿਜ ਬਣਿਆ ਹੋਇਆ ਹੈ ਜਿਸ ਕਾਰਨ ਸਰਹਿੰਦ ਤੇ ਪਟਿਆਲਾ ਸਾਈਡ ਤੋਂ ਬੱਸਾਂ ਦੀ ਅੱਡੇ ਵਿਚ ਐਂਟਰੀ ਨਹੀਂ ਹੋ ਸਕਦੀ ਕੇਵਲ ਅੰਬਾਲਾ ਤੇ ਚੰਡੀਗੜ੍ਹ ਸਾਈਡ ਤੋਂ ਆਉਣ ਵਾਲ਼ੀਆਂ ਬੱਸਾਂ ਹੀ ਅੱਡੇ ਵਿਚ ਵੜ ਸਕਦੀਆਂ ਹਨ।
ਦੱਸਣਯੋਗ ਹੈ ਕਿ 1997 ਵਿਚ ਅਕਾਲੀ-ਭਾਜਪਾ ਸਰਕਾਰ ਵੇਲ਼ੇ ਹਲਕਾ ਰਾਜਪੁਰਾ ਤੋਂ ਭਾਜਪਾ ਵਿਧਾਇਕ ਤੇ ਲੋਕਲ ਬਾਡੀ ਮੰਤਰੀ ਬਲਰਾਮ ਜੀ ਦਾਸ ਟੰਡਨ ਨੇ ਉਕਤ ਬੱਸ ਅੱਡੇ ਦਾ ਨੀਂਹ ਪੱਥਰ ਰੱਖਿਆ ਸੀ ਅਤੇ ਵਿਧਾਨ ਸਭਾ ਚੋਣਾਂ 2002 ਤੋਂ ਪਹਿਲਾਂ ਕਾਹਲ਼ੀ ਵਿਚ ਇਸ ਦਾ ਉਦਘਾਟਨ ਵੀ ਕਰ ਦਿੱਤਾ ਸੀ ਪਰ ਅੱਡਾ ਚਾਲੂ ਨਾ ਹੋ ਸਕਿਆ।
2002 ਵਿਚ ਕਾਂਗਰਸ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ 2004 ਵਿਚ ਸਾਬਕਾ ਵਿਦੇਸ਼ ਮੰਤਰੀ ਪ੍ਰਨੀਤ ਕੌਰ ਵੱਲੋਂ ਇਸ ਅੱਡੇ ਨੂੰ ਚਾਲੂ ਕਰਨ ਲਈ ਉਦਘਾਟਨ ਕੀਤਾ ਗਿਆ। ਸਾਲ ਕੁ ਚੱਲਣ ਤੋਂ ਬਾਅਦ ਅੱਡਾ ਫਿਰ ਬੰਦ ਹੋ ਗਿਆ ਹੈ। 2007 ਵਿਚ ਮੁੜ ਅਕਾਲੀ-ਭਾਜਪਾ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਟਰਾਂਸਪੋਰਟ ਮੰਤਰੀ ਮਾਸਟਰ ਮੋਹਨ ਲਾਲ ਨੇ ਇਸ ਦਾ ਇਕ ਵਾਰ ਫਿਰ ਉਦਘਾਟਨ ਕੀਤਾ। ਨਵੇਂ ਬੱਸ ਅੱਡੇ ਦੀ ਤਰਾਸਦੀ ਇਹ ਰਹੀ ਕਿ ਇਸ ਦਾ ਤਿੰਨ ਵਾਰ ਉਦਘਾਟਨ ਹੋਣ ਦੇ ਬਾਵਜੂਦ ਇਸ ਦੀ ਵਰਤੋਂ ਬੱਚਿਆਂ ਦੇ ਕ੍ਰਿਕਟ ਖੇਡਣ ਲਈ, ਫ਼ਸਲਾਂ ਸੁਕਾਉਣ ਲਈ, ਕੰਡਮ ਮੋਟਰ ਵਹੀਕਲ ਖੜ੍ਹੇ ਕਰਨ ਲਈ ਜਾਂ ਨਸ਼ੇੜੀਆਂ ਦੁਆਰਾ ਨਸ਼ਾ ਕਰਨ ਲਈ ਹੋਈ ਹੈ।
ਇਸ ਸਬੰਧੀ ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਇਹ ਉਦਘਾਟਨ ਨਹੀਂ ਕੀਤਾ ਜਾ ਰਿਹਾ ਬਲਕਿ ਰਸਮੀ ਬੱਸਾਂ ਚਾਲੂ ਕੀਤੀਆਂ ਜਾ ਰਹੀਆਂ ਹਨ। ਨਗਰ ਕੌਂਸਲ ਅੱਡਾ ਐਂਟਰੀ ਵੱਜੋਂ ਲੱਖਾਂ ਰੁਪਏ ਵਸੂਲਦੀ ਰਹੀ ਜਿਹੜਾ ਕਿ ਇਸ ਸਾਲ ਵੀ 70 ਲੱਖ ਰੁਪਏ ਵਿੱਚ ਦਿੱਤਾ ਗਿਆ। ਪ੍ਰੰਤੂ ਮੁਸਾਫਿਰਾਂ ਲਈ ਕੋਈ ਸਹੂਲਤ ਨਹੀਂ। ਐਸ.ਡੀ.ਐਮ ਰਾਜਪੁਰਾ ਡਾ. ਸੰਜੀਵ ਕੁਮਾਰ ਨੇ ਦੱਸਿਆ ਕਿ ਇੱਕ ਹਫਤੇ ਤੋਂ ਬੱਸ ਸਟੈਂਡ ਨੂੰ ਮੁੜ ਚਲਾਉਣ ਦੀ ਤਿਆਰੀ ਕੀਤੀ ਗਈ ਸੀ।