ਖੇਤਰੀ ਪ੍ਰਤੀਨਿਧ
ਪਟਿਆਲਾ, 23 ਅਪਰੈਲ
ਡੇਢ ਦਹਾਕੇ ਤੋਂ ਕੰਟਰੈਕਟ ਆਧਾਰ ’ਤੇ ਸੇਵਾਵਾਂ ਨਿਭਾਉਂਦੇ ਆ ਰਹੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਚੌਥਾ ਦਰਜਾ ਮੁਲਾਜਮਾਂ ਵੱਲੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਸ਼ੁਰੂ ਕੀਤੀ ਗਈ ਹੜਤਾਲ਼ ਅੱਜ ਪੱਚੀਵੇਂ ਦਿਨ ਵੀ ਜਾਰੀ ਰਹੀ। ਐਂਪਲਾਈਜ਼ ਵੈਲਫੇਅਰ ਜੁਆਇੰਟ ਐਕਸ਼ਨ ਕਮੇਟੀ ਦੇ ਬੈਨਰ ਹੇਠ ਕੀਤੀ ਜਾ ਰਹੀ ਇਸ ਹੜਤਾਲ਼ ਨੂੰ ਹਸਪਤਾਲ ਦੇ ਰੈਗੂਲਰ ਮੁਲਾਜ਼ਮਾਂ ਦੀ ਹਮਾਇਤ ਵੀ ਹਾਸਲ ਹੈ। ਜਿਨ੍ਹਾਂ ਨੇ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਹਸਪਤਾਲ ਕੰਪਲੈਕਸ ਵਿੱਚ ਰੋਸ ਰੈਲੀ ਕਰਨ ਮਗਰੋਂ ਰੋਸ ਮਾਰਚ ਵੀ ਕੀਤਾ।
ਹੜਤਾਲ਼ੀ ਮੁਲਾਜਮਾ ਦਾ ਕਹਿਣਾ ਹੈ ਕਿ ਸਰਕਾਰ ਨੇ 2019 ਵਿਚ ਹਸਪਤਾਲ ਦੇ ਸਮੂਹ ਕੰਟਰੈਕਟ ਕਰਮਚਾਰੀਆਂ ਨੂੰ ਪੱਕੇ ਕਰਨ ਦਾ ਲਿਖਤੀ ਵਾਅਦਾ ਕੀਤਾ ਸੀ ।ਪਰੰਤੂ ਬਾਅਦ ਵਿੱਚ ਇਕੱਲੇ ਨਰਸਿੰਗ ਕੇਡਰ ਨੂੰ ਹੀ ਰੈਗੂਲਰ ਕੀਤਾ ਗਿਆ ਸੀ। ਜਦੋਂਕਿ ਦਰਜਾ ਚਾਰ ਅਤੇ ਐਨਸਿਲਰੀ ਸਟਾਫ ਨੂੰ ਅਜੇ ਤੱਕ ਵੀ ਰੈਗੂਲਰ ਨਹੀਂ ਕੀਤਾ ਗਿਆ। ਜਿਸ ਕਰਕੇ ਹੀ ਉਹ ਮੁੜ ਤੋਂ ਸੜਕਾਂ ’ਤੇ ਆਉਣ ਲਈ ਮਜਬੂਰ ਹੋਏ ਹਨ।
ਮੁਲਾਜ਼ਮ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਨਾ ਕੀਤਾ ਗਿਆ, ਤਾਂ, ਉਹ ਭਵਿੱਖ ਵਿਚ ਹੋਰ ਵੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਰਾਮ ਕਿਸ਼ਨ, ਮੁਕੇਸ਼ ਕੁਮਾਰ, ਅਰੁਨ ਕੁਮਾਰ ਪ੍ਰਧਾਨ ਮੈਡੀਕਲ ਕਾਲਜ, ਗੁਰਲਾਲ ਸਿੰਘ, ਕਿਸ਼ੋਰ ਟੋਨੀ, ਬਲਜਿੰਦਰ ਸਿੰਘ, ਅਮਨ ਕੁਮਾਰ, ਅਜੈ ਕੁਮਾਰ ਆਦਿ ਵੀ ਹਾਜ਼ਰ ਸਨ।