ਗੁਰਨਾਮ ਸਿੰਘ ਅਕੀਦਾ
ਪਟਿਆਲਾ, 9 ਸਤੰਬਰ
ਇਥੋਂ ਦਾ ਰਾਜਿੰਦਰਾ ਹਸਪਤਾਲ ਦਵਾਈਆਂ ਦੀ ਘਾਟ ਨਾਲ ਜੂਝ ਰਿਹਾ ਹੈ। ਸਾਬਕਾ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਅੱਜ ਕਿਹਾ ਹੈ ਕਿ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਦੇ ਆਪਣੇ ਜ਼ਿਲ੍ਹੇ ਦੇ ਰਾਜਿੰਦਰਾ ਹਸਪਤਾਲ ਦਾ ਇਹ ਹਾਲ ਹੈ ਕਿ ਇੱਥੋਂ ਦਵਾਈਆਂ ਦੀ ਘਾਟ ਤੋਂ ਇਲਾਵਾ ਕਈ ਮਾਹਿਰ ਡਾਕਟਰ ਵੀ ਵਿਭਾਗਾਂ ਵਿਚ ਤਾਇਨਾਤ ਨਹੀਂ ਹਨ। ਇਸ ਕਰਕੇ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬੀਆਂ ਵਿੱਚ ਫੈਲਾਏ ਭਰਮ ਦਾ ਪਰਦਾਫਾਸ਼ ਹੋ ਗਿਆ ਹੈ ਕਿਉਂਕਿ ਪੰਜਾਬ ਵਿੱਚ ਅਰਵਿੰਦ ਕੇਜਰੀਵਾਲ ਨੇ ਦਿੱਲੀ ਦਾ ਸਿਹਤ ਮਾਡਲ ਪੇਸ਼ ਕੀਤਾ ਸੀ।
ਡਾ. ਗਾਂਧੀ ਨੇ ਕਿਹਾ ਕਿ ਸਿਹਤ ਮੰਤਰੀ ਦੇ ਜ਼ਿਲ੍ਹੇ ਦੇ ਹਸਪਤਾਲਾਂ ’ਚ ਚਾਰ ਮਹੀਨਿਆਂ ਤੋਂ ਦਵਾਈ ਨਹੀਂ ਆਈ। ਖ਼ੁਦ ਡਾਕਟਰ ਪੇਸ਼ੇ ਨਾਲ ਸਬੰਧਤ ਡਾ. ਗਾਂਧੀ ਨੇ ਕਿਹਾ ਕਿ ਰਾਜਿੰਦਰਾ ਹਸਪਤਾਲ ਵਿੱਚ ਰੋਜ਼ਾਨਾ ਕਰੀਬ 1200 ਮਰੀਜ਼ਾਂ ਦੀ ਓਪੀਡੀ ਹੁੰਦੀ ਹੈ। ਇੱਥੇ ਸਿਰਫ਼ ਪਟਿਆਲਾ ਹੀ ਨਹੀਂ ਸਗੋਂ ਹੋਰ ਜ਼ਿਲ੍ਹਿਆਂ ਦੇ ਜ਼ਿਆਦਾਤਰ ਮਰੀਜ਼ ਵੀ ਇਲਾਜ ਕਰਾਉਣ ਲਈ ਆਉਂਦੇ ਹਨ। ਰਾਜਿੰਦਰਾ ਹਸਪਤਾਲ ਦੇ ਅਧਿਕਾਰੀ ਖ਼ੁਦ ਕਹਿਣ ਲੱਗ ਪਏ ਹਨ ਕਿ ਰਾਜਿੰਦਰਾ ਹਸਪਤਾਲ ਦਵਾਈਆਂ ਬਗੈਰ ਹੀ ਚੱਲ ਰਿਹਾ ਹੈ। ਹਸਪਤਾਲ ਵਿਚ ਸਿਰਫ਼ ਐਮਰਜੈਂਸੀ ਲਈ ਹੀ ਦਵਾਈਆਂ ਮੌਜੂਦ ਹਨ। ਇਸ ਤੋਂ ਇਲਾਵਾ ਇੱਥੇ ਐੱਟੀ ਰੈਬਿਜ਼, ਐਂਟੀ ਹੈਪੇਟਾਈਟਸ ਬੀ ਤੇ ਸੀ ਦੀਆਂ ਹੀ ਦਵਾਈਆਂ ਉਪਲਬਧ ਹਨ। ਹਸਪਤਾਲ ਦੇ ਕਈ ਵਿਭਾਗਾਂ ਵਿਚ ਡਾਕਟਰ ਹੀ ਨਹੀਂ ਹਨ ਜਿਵੇਂ ਕਿ ਨਿਊਰੋ ਸਰਜਰੀ, ਗੈਸਟ੍ਰੋਇੰਟਰੋਲੌਜੀ, ਨਿਉਰੋਲੌਜੀ, ਨਿਫਰੋਲੌਜੀ ਆਦਿ ਵਿਭਾਗਾਂ ਵਿਚ ਮਾਹਿਰ ਹੀ ਨਹੀਂ ਹਨ। ਇਸ ਤੋਂ ਇਲਾਵਾ ਹੋਰ ਵਿਭਾਗਾਂ ਵਿੱਚ ਵੀ ਹਾਲ ਕੁਝ ਚੰਗਾ ਨਹੀਂ ਹੈ। ਡਾ. ਗਾਂਧੀ ਨੇ ਕਿਹਾ ਕਿ ਜੇਕਰ ਹਸਪਤਾਲ ਵਿਚ ਮਾਹਿਰ ਡਾਕਟਰ ਤੇ ਦਵਾਈਆਂ ਹੀ ਨਹੀਂ ਹਨ ਤਾਂ ਸਰਕਾਰੀ ਹਸਪਤਾਲਾਂ ਵਿੱਚ ਆਉਂਦੇ ਲੋੜਵੰਦ ਮਰੀਜ਼ਾਂ ਦਾ ਇਲਾਜ ਕਿਵੇਂ ਹੋਵੇਗਾ।
ਦਵਾਈਆਂ 13 ਜੁਲਾਈ ਤੋਂ ਨਹੀਂ ਆਈਆਂ : ਮੈਡੀਕਲ ਸੁਪਰਡੈਂਟ
ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਐੱਚਐੱਸ ਰੇਖੀ ਨੇ ਕਿਹਾ ਕਿ ਡਾ. ਗਾਂਧੀ ਵੱਲੋਂ ਆਖੇ ਬਿਆਨ ਵਿੱਚ ਭੋਰਾ ਵੀ ਝੂਠ ਨਹੀਂ ਹੈ। ਉਨ੍ਹਾਂ ਕਿਹਾ ਕਿ 13 ਜੁਲਾਈ ਤੋਂ ਬਾਅਦ ਰਾਜਿੰਦਰਾ ਹਸਪਤਾਲ ਵਿੱਚ ਦਵਾਈਆਂ ਨਹੀਂ ਆਈਆਂ। ਮਾਹਿਰ ਡਾਕਟਰਾਂ ਦੀਆਂ ਅਸਾਮੀਆਂ ਖ਼ਾਲੀ ਪਈਆਂ ਹਨ। ਡਾ. ਰੇਖੀ ਅਨੁਸਾਰ ਦਿਲ ਦਾ ਮਾਹਿਰ ਡਾਕਟਰ ਇੱਥੇ 70 ਹਜ਼ਾਰ ਰੁਪਏ ਤਨਖ਼ਾਹ ਲੈ ਰਿਹਾ ਸੀ ਪਰ ਪ੍ਰਾਈਵੇਟ ਹਸਪਤਾਲ ਵਿੱਚ ਉਸ ਨੂੰ 3 ਲੱਖ ਰੁਪਏ ਤਨਖ਼ਾਹ ਮਿਲਣੀ ਸੀ ਜਿਸ ਕਰਕੇ ਉਹ ਛੱਡ ਕੇ ਚਲਾ ਗਿਆ।