ਸਰਬਜੀਤ ਸਿੰਘ ਭੰਗੂ
ਪਟਿਆਲਾ, 31 ਮਾਰਚ
ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਕੰਟਰੈਕਟ ਆਧਾਰਤ ਚੌਥਾ ਦਰਜਾ ਕਰਮਚਾਰੀਆਂ ਵੱਲੋਂ ਸ਼ੁਰੂ ਕੀਤੀ ਗਈ ਕੰਮ ਛੋੜ ਹੜਤਾਲ਼ ਅੱਜ ਦੂਜੇ ਦਿਨ ਵੀ ਜਾਰੀ ਰਹੀ। ਉਨ੍ਹਾਂ ਦਾ ਤਰਕ ਹੈ ਕਿ ਉਹ ਡੇਢ ਦਹਾਕੇ ਤੋਂ ਕੰਟਰੈਕਟ ਆਧਾਰ ’ਤੇ ਕੰਮ ਕਰਦੇ ਆ ਰਹੇ ਹਨ ਪਰ ਸਰਕਾਰ ਵੱਲੋਂ ਵਾਰ ਵਾਰ ਵਾਅਦੇ ਕਰਕੇ ਵੀ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਨਹੀਂ ਕੀਤੀਆਂ ਜਾ ਰਹੀਆਂ। ਇਨ੍ਹਾਂ ਹੜਤਾਲ਼ੀ ਮੁਲਾਜ਼ਮਾਂ ਦੀ ਗਿਣਤੀ ਸੌ ਦੇ ਕਰੀਬ ਹੈ। ਜਿਨ੍ਹਾਂ ਨੇ ਐਲਾਨ ਕੀਤਾ ਹੈ ਕਿ ਸੇਵਾਵਾਂ ਰੈਗੂਲਰ ਕਰਨ ਤੋਂ ਪਹਿਲਾਂ ਉਹ ਐਤਕੀਂ ਕਦਾਚਿਤ ਵੀ ਹੜਤਾਲ਼ ਵਾਪਸ ਨਹੀਂ ਲੈਣਗੇ।ਅੱਜ ਵੀ ਹੜਤਾਲ਼ ਦੌਰਾਨ ਇਨ੍ਹਾਂ ਮੁਲਾਜ਼ਮਾਂ ਨੇ ਰੋਸ ਰੈਲੀ ਕੀਤੀ ਜਿਸ ਵਿੱਚ ਇਸ ਹਸਪਤਾਲ਼ ਦੇ ਰੈਗੂਲਰ ਮੁਲਾਜ਼ਮਾਂ ਨੇ ਵੀ ਇਨ੍ਹਾਂ ਦੀ ਹਮਾਇਤ ’ਚ ਰੈਲੀ ’ਚ ਸ਼ਿਰਕਤ ਕੀਤੀ। ਰੋਸ ਰੈਲੀ ਨੂੰ ਐਂਪਲਾਈਜ਼ ਵੈਲਫੇਅਰ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ ਬੰਗਾ, ਚੇਅਰਮੈਨ ਰਾਮ ਕਿਸ਼ਨ, ਰਾਕੇਸ਼ ਕੁਮਾਰ ਕਲਿਆਣ, ਕਾਕਾ ਸਿੰਘ ਪਹਾੜੀਪੁਰ ਤੇ ਮੈਡੀਕਲ ਕਾਲਜ ਯੁੂਨਿਟ ਦੇ ਪ੍ਰਧਾਨ ਅਰੁਨ ਕੁਮਾਰ ਸਮੇਤ ਗੁਰਲਾਲ ਸਿੰਘ, ਕੁਲਵਿੰਦਰ ਸਿੰਘ, ਰਾਜਨ ਪੁਰੀ, ਕਿਸ਼ੋਰ ਟੋਨੀ, ਰਾਜੇਸ਼ ਕੁਮਾਰ ਗੋਲੂ, ਨਰੇਸ਼ ਕੁਮਾਰ ਗਾਟ, ਬਲਜਿੰਦਰ ਸਿੰਘ, ਅਮਨ ਕੁਮਾਰ ਅਤੇ ਮੁਕੇਸ਼ ਕੁਮਾਰ ਆਦਿ ਪ੍ਰਮੁੱਖ ਆਗੂ ਵੀ ਮੌਜੂਦ ਰਹੇ ਜਿਸ ਨੂੰ ਸੰਬੋਧਨ ਕਰਦਿਆਂ, ਪ੍ਰਧਾਨ ਸਵਰਨ ਬੰਗਾ ਤੇ ਹੋਰਾਂ ਬੁਲਾਰਿਆਂ ਦਾ ਕਹਿਣਾ ਸੀ ਕਿ 2019 ’ਚ ਸਰਕਾਰ ਵੱਲੋਂ ਹਸਪਤਾਲ ਦੇ ਸਮੂਹ ਕੰਟਰੈਕਟ ਕਰਮਚਾਰੀਆਂ ਨੂੰ ਪੱਕੇ ਕਰਨ ਦਾ ਲਿਖਤੀ ਵਾਅਦਾ ਵੀ ਪੂਰਾ ਨਾ ਹੋਇਆ ਕਿਉਂਕਿ ਇਸ ਦੌਰਾਨ ਭਾਵੇਂ ਕਿ ਪੰਜ ਸੌ ਤੋਂ ਵੱਧ ਨਰਸਿੰਗ ਸਟਾਫ਼ ਨੂੰ ਤਾਂ ਰੈਗੂਲਰ ਕਰ ਦਿੱਤਾ ਗਿਆ, ਪਰ ਚੌਥਾ ਦਰਜਾ ਤੇ ਅਨਸਿਲਰੀ ਸਟਾਫ ਨੂੰ ਵਾਂਝਾ ਛੱਡ ਦਿੱਤਾ ਗਿਆ ਹੈ।