ਸਰਬਜੀਤ ਸਿੰਘ ਭੰਗੂ
ਪਟਿਆਲਾ, 11 ਜੁਲਾਈ
ਕੱਚੇ ਮੁਲਾਜ਼ਮਾਂ ਨੇ ਪੱਕੇ ਕਰਵਾਉਣ ਅਤੇ ਹੋਰ ਮੰਗਾਂ ਦੀ ਪੂਰਤੀ ਲਈ ਮੁਲਾਜ਼ਮਾਂ ਵੱਲੋਂ ਜਿਥੇ ਨਿੱਤ ਦਿਨ ਧਰਨੇ, ਮੁਜ਼ਾਹਰੇ ਅਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਉੱਥੇ ਹੀ ਮੁੱਖ ਮੰਤਰੀ ਦੇ ਸ਼ਹਿਰ ਵਿੱਚ ਮੁਲਾਜ਼ਮਾਂ ਨੇ ਇੱਥੇ ਆਪਣੇ ਪਰਿਵਾਰਾਂ ਸਮੇਤ ਜਾਗੋ ਕੱਢ ਕੇ ਰਾਜ ਸੱਤਾ ’ਤੇ ਕਾਬਜ਼ ਹਾਕਮਾਂ ਨੂੰ ਹਲੂਣਨ ਦਾ ਯਤਨ ਕੀਤਾ। ਸ਼ਹਿਰ ਪਟਿਆਲਾ ਦੋ ਵਿਧਾਨ ਸਭਾ ਹਲਕਿਆਂ ਵਿੱਚ ਵੰਡਿਆ ਹੋਇਆ ਹੈ ਅਤੇ ਜਾਗੋ ਦੇ ਬੈਨਰ ਹੇਠਲੇ ਇਸ ਸੰਘਰਸ਼ ਦਾ ਆਗਾਜ਼ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਦੀ ਅਧੀਨਗੀ ਵਾਲੇ ‘ਪਟਿਆਲਾ ਦਿਹਾਤੀ’ ਵਿਧਾਨ ਸਭਾ ਹਲਕੇ ਤੋਂ ਕੀਤੀ ਗਈ।
ਵਿਆਹ ਸ਼ਾਦੀ ਨਾਲ਼ ਜੁੜੀ ਹੋਣ ਕਰਕੇ ਜਾਗੋ ਭਾਵੇਂ ਕਿ ਖੁਸ਼ੀ ਦੇ ਪ੍ਰਤੀਕ ਵਜੋਂ ਹੁੰਦੀ ਹੈ। ਪਰ ਇੱਥੇ ਇਸ ਦੇ ਉਲਟ ਮੁਲਾਜਮਾ ਨੇ ਇਸ ਵਰਤੋਂ ਆਪਣੇ ਰੋਸ ਦਾ ਇਜ਼ਹਾਰ ਕਰਨ ਲਈ ਕੀਤੀ। ਭਾਵੇਂ ਵਿਆਹਾਂ ’ਚ ਜਾਣ ਵਾਲ਼ੀਆਂ ਸੁਆਣੀਆਂ ਵਾਂਗ ਹੀ ਇਹ ਮੁਲਾਜ਼ਮ ਵੀ ਸਰਕਾਰ ਦੀ ਕਾਰਗੁਜ਼ਾਰੀ, ਵਾਅਦਾਖਿਲਾਫ਼ੀ ਅਤੇ ਹੋਰ ਗੈਰ ਇਖਲਾਕੀ ਮਾਮਲਿਆਂ ’ਤੇ ਚੋਟ ਕਰਦੀਆਂ ਬੋਲੀਆਂ ਤਿਆਰ ਕਰਕੇ ਲਿਆਏ ਸਨ ਪਰ ਇਨ੍ਹਾਂ ਵਿੱਚੋਂ ‘‘ਰਾਜਿਆ ਜਾਗ ਓਏ ਬਈ ਹੁਣ ਜਾਗੋ ਆਈ ਆ।’ ‘ਬ੍ਰਹਮ ਮਹਿੰਦਰਿਆ ਤੂੰ ਵੀ ਜਾਗ ਪੈ ਬਈ ਹੋਏ ਹੁਣ ਜਾਗੋ ਆਈਆ’ ਸਮੇਤ ‘ਹਾਕਮੋ ਜਾਗਣਾ ਹੀ ਪੈਣੈ ਬਈ ਹੋਏ ਹੁਣ ਜਾਗੋ ਆਈਆ’ ਆਦਿ ਬੋਲੀਆਂ ਵਧੇਰੇ ਖਿੱਚ ਦਾ ਕੇਂਦਰ ਦਾ ਰਹੀਆਂ। ਇਸ ਜਾਗੋ ਦੀ ਅਗਵਾਈ ਕਰਨ ਵਾਲੇ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਦਾ ਤਰਕ ਸੀ ਕਿ ਕੈਪਟਨ ਸਰਕਾਰ ਸਾਢੇ ਚਾਰ ਦਹਾਕਿਆਂ ਤੋਂ ਹੀ ਘੂਕ ਸੁੱਤੀ ਪਈ ਹੈ ਜਿਸ ਕਰਕੇ ਉਨ੍ਹਾਂ ਨੇ ਇਸ ਸਰਕਾਰ ਨੂੰ ਹਲੂਣਾ ਦੇਣ ਦੇ ਇਵਜ਼ ਵਜੋਂ ਰੋਸ ਪ੍ਰਗਟਾਵੇ ਲਈ ਜਾਗੋ ਕੱਢਣ ਦਾ ਇਹ ਰਾਹ ਅਖਤਿਆਰ ਕੀਤਾ ਹੈ।
ਲੁਬਾਣਾ ਦਾ ਕਹਿਣਾ ਸੀ ਕਿ ਭਾਵੇਂ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਾਰੇ ਵਜ਼ੀਰਾਂ, ਵਿਧਾਇਕਾਂ, ਚੇਅਰਮੈਨਾਂ ਅਤੇ ਹੋਰ ਸਰਕਾਰੀ ਨੁਮਾਇੰਦਿਆਂ ਦੇ ਹਲਕਿਆਂ ਤੇ ਖੇਤਰਾਂ ਵਿੱਚ ਵੀ ਜਾਗੋ ਕੱਢਣਗੇ ਪਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਾਲ਼ੀ ਸਬ ਕੈਬਨਿਟ ਕਮੇਟੀ ਦੇ ਮੁਖੀ ਬ੍ਰਹਮ ਮਹਿੰਦਰਾ ਹਨ ਜਿਸ ਕਰਕੇ ਹੀ ਇਸ ਦਾ ਆਗਾਜ਼ ਉਨ੍ਹਾਂ ਦੇ ਹਲਕੇ ਤੋਂ ਕੀਤਾ ਗਿਆ ਹੈ। ਜਾਗੋ ਦੀ ਅਗਵਾਈ ਹੇਠਲਾ ਮੁਲਾਜ਼ਮਾਂ ਦਾ ਇਹ ਕਾਫਲਾ ਸਰਕਾਰ ਨੂੰ ਜਾਗਣ ਦਾ ਹੋਕਾ ਦਿੰਦਾ ਹੋਇਆ ਹਲਕੇ ਦੇ ਮੁਹੱਲਿਆਂ ਅਤੇ ਬਜ਼ਾਰਾਂ ਵਿੱਚੋਂ ਨਿਕਲਿਆ ਜਿਸ ਦੌਰਾਨ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਵਿਚਲੀਆਂ ਮੁਲਾਜ਼ਮ ਵਿਰੋਧੀ ਮੱਦਾਂ ਸਮੇਤ ਸਰਕਾਰ ਦੇ ਹੋਰ ਲੋਕ ਮਾਰੂ ਕਾਰਨਾਮਿਆਂ ਬਾਰੇ ਵੀ ਲੋਕਾਂ ਨੂੰ ਜਾਣੂ ਕਰਵਾਉਂਦਾ ਰਿਹਾ। ਕੱਚੇ ਕਾਮੇ ਪੱਕੇ ਕਰਨ, ਕੰਮ ਬਰਾਬਰ ਤਨਖਾਹ, ਪੈਨਸ਼ਨ ਸਕੀਮ ਦੀ ਬਹਾਲੀ ਅਤੇ ਤਨਖਾਹ ਕਮਿਸ਼ਨ ਦੀ ਲੰਗੜੀ ਰਿਪੋਰਟ ਅਤੇ ਰੈਗੂਲੇਸ਼ਨ ਐਕਟ 2020 ਵਿੱਚ ਸੋਧਾਂ ਕਰਨ ਵਰਗੇ ਮੁੱਦੇ ਵੀ ਉਭਾਰੇ। ਇਸ ਮੌਕੇ ਯੂਨੀਅਨ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਜਗਮੋਹਨ ਸਿੰਘ ਨੋਲੱਖਾ, ਰਾਮ ਕ੍ਰਿਸ਼ਨ, ਮਾਧੋ ਲਾਲ, ਸੂਰਜ ਪਾਲ ਯਾਦਵ, ਸਵਰਨ ਸਿੰਘ ਬੰਗਾ, ਅਸ਼ੋਕ ਕੁਮਾਰ ਬਿੱਟੂ, ਦਰਸ਼ੀ ਕਾਂਤ, ਪਰਮਜੀਤ ਕੌਰ, ਗੁਰਦਰਸ਼ਨ ਸਿੰਘ, ਪ੍ਰੀਤਮ ਚੰਦ ਠਾਕਰ, ਸ਼ਾਮ ਸਿੰਘ, ਰਾਮ ਲਾਲ ਰਾਮਾਂ, ਇੰਦਰ ਪਾਲ ਸਿੰਘ ਵਾਲੀਆ ਤੇ ਰਾਮ ਪ੍ਰਸਾਦ ਸਹੋਤਾ ਆਦਿ ਵੀ ਮੌਜੂਦ ਸਨ।