ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 11 ਅਕਤੂਬਰ
ਇਲਾਕੇ ਵਿੱਚ ਅੱਜ ਪਏ ਭਰਵੇਂ ਮੀਂਹ ਨਾਲ ਕਿਸਾਨਾਂ ਦੀਆਂ ਦਿੱਕਤਾਂ ਵਧ ਗਈਆਂ ਹਨ। ਮੀਂਹ ਕਾਰਨ ਮੰਡੀ ਵਿੱਚ ਵੇਚਣ ਲਈ ਲਿਆਂਦੇ ਗਏ ਝੋਨੇ ਦੀਆਂ ਢੇਰੀਆਂ ਭਿੱਜ ਗਈਆਂ। ਮੰਡੀ ਦੇ ਚੁਫੇਰੇ ਸੜਕਾਂ ਉਪਰ ਪਾਣੀ ਹੀ ਪਾਣੀ ਖੜ੍ਹਿਆ ਨਜ਼ਰ ਆਇਆ। ਝੋਨੇ ਦੀ ਵਾਢੀ ਦਾ ਕੰਮ ਰੁਕਣ ਕਾਰਨ ਅੱਜ ਝੋਨੇ ਦੀ ਨਵੀਂ ਆਮਦ ਨਹੀਂ ਹੋਈ। ਸ਼ਹਿਰ ਦੇ ਮਹਿੰਦਰਗੰਜ ਬਾਜ਼ਾਰ, ਪੁਰਾਣੀ ਕਚਹਿਰੀ ਰੋਡ, ਟਾਊਨ ਦੀ ਸਾਈਕਲ ਮਾਰਕੀਟ, ਕਸਤੂਰਬਾ ਰੋਡ, ਕ੍ਰਿਸ਼ਨਾ ਮਾਰਕੀਟ, ਸ਼ਾਮ ਨਗਰ ਰੋਡ ਅਤੇ ਡਾਲੀਮਾ ਵਿਹਾਰ ਰਿਹਾਇਸ਼ੀ ਕਲੋਨੀ ਸਮੇਤ ਹੋਰਨਾਂ ਬਾਜ਼ਾਰਾਂ ਤੇ ਕਲੋਨੀਆਂ ਦੀਆਂ ਸੜਕਾਂ ’ਤੇ ਪਾਣੀ ਖੜ੍ਹਾ ਰਹਿਣ ਕਾਰਨ ਦੁਕਾਨਦਾਰਾਂ ਤੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਮੀਂਹ ਦਾ ਪਾਣੀ ਸ਼ਹਿਰੀ ਖੇਤਰ ਨੂੰ ਅੰਮ੍ਰਿਤਸਰ-ਦਿੱਲੀ ਕੌਮੀ ਮਾਰਗ ਨਾਲ ਜੋੜਨ ਵਾਲੇ ਤਿੰਨ ਰੇਲਵੇ ਅੰਡਰਬ੍ਰਿਜਾਂ- ਪੁਰਾਣਾ ਅੰਡਰਬ੍ਰਿਜ, ਨਵਾਂ ਆਈਸੀਐੱਲ ਰੋਡ ਅੰਡਰਬ੍ਰਿਜ ਅਤੇ ਘੱਗਰ ਸਰਾਏ ਵਾਲੇ ਰੇਲਵੇ ਫਾਟਕ ਵਾਲਾ ਅੰਡਰਬ੍ਰਿਜ ਵਿੱਚ ਕਈ ਫੁੱਟ ਪਾਣੀ ਭਰ ਜਾਣ ਕਾਰਨ ਆਵਾਜਾਈ ਬੰਦ ਰਹੀ।
ਸ਼ਹਿਰੀ ਖੇਤਰ ਦੇ ਦੋਵੇਂ ਅੰਡਰਬ੍ਰਿਜਾਂ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਆਪਣੀ ਮੰਜ਼ਿਲ ਵੱਲ ਜਾਣ ਲਈ ਗਗਨ ਚੌਕ ਤੋਂ ਲਬਿਰਟੀ ਚੌਕ ਤੱਕ ਕਈ ਕਿਲੋਮੀਟਰ ਵਾਧੂ ਪੈਂਡਾ ਕਰਨਾ ਪਿਆ ਜਦੋਂਕਿ ਘੱਗਰ ਸਰਾਏ ਵਾਲੇ ਅੰਡਰਬ੍ਰਿਜ ਵਿੱਚ ਪਾਣੀ ਭਰ ਜਾਣ ਕਾਰਨ ਚਾਰ ਦਰਜਨ ਤੋਂ ਵੱਧ ਪਿੰਡਾਂ ਦੇ ਰਾਹਗੀਰਾਂ ਨੂੰ ਸ਼ੰਭੂ ਵਾਇਆ ਮਰਦਾਂਪੁਰ ਜਾਂ ਬਠੌਣੀਆਂ ਵਾਇਆ ਮੰਡਿਆਣਾ ਤੋਂ ਘੁੰਮ ਕੇ ਆਉਣ ਲਈ ਮਜਬੂਰ ਹੋਣਾ ਪਿਆ। ਇਸ ਦੌਰਾਨ ਕਿਸਾਨ ਆਗੂ ਅਮਰਿੰਦਰ ਸਿੰਘ ਹੈਪੀ ਹਾਸ਼ਮਪੁਰ, ਸਮਾਜ ਸੇਵੀ ਬਲਵਿੰਦਰ ਸਿੰਘ ਸੈਂਹਬੀ, ਗਿਆਨੀ ਭੁਪਿੰਦਰ ਸਿੰਘ ਸਮੇਤ ਹੋਰਨਾਂ ਨੇ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਅੰਡਰਬ੍ਰਿਜਾਂ ਵਿੱਚੋਂ ਬਰਸਾਤੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ।
ਇਸ ਸਬੰਧੀ ਸੰਪਰਕ ਕਰਨ ’ਤੇ ਏਡੀਈਐੱਨ ਰੇਲਵੇ ਵਿਭਾਗ ਅੰਬਾਲਾ ਨੇ ਦੱਸਿਆ ਕਿ ਵਿਭਾਗ ਦੇ ਕਰਮਚਾਰੀਆਂ ਨੇ ਨਵੇਂ ਅੰਡਰਬ੍ਰਿਜ ਵਿੱਚ ਇੰਜਣ ਲਗਾ ਕੇ ਪਾਣੀ ਦੀ ਨਿਕਾਸੀ ਸ਼ੁਰੂ ਕਰ ਦਿੱਤੀ ਹੈ। ਇਸ ਮਗਰੋਂ ਘੱਗਰ ਸਰਾਏ ਦੇ ਰੇਲਵੇ ਅੰਡਰਬ੍ਰਿਜ ਵਿੱਚੋਂ ਖੜ੍ਹੇ ਪਾਣੀ ਦੀ ਨਿਕਾਸੀ ਕੀਤੀ ਜਾਵੇਗੀ।