ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 2 ਜੁਲਾਈ
ਇੱਥੇ ਰਾਜਪੁਰਾ ਨੂੰ ਦਿੱਲੀ-ਅੰਮ੍ਰਿਤਸਰ ਕੌਮੀ ਸ਼ਾਹ ਮਾਰਗ ਨਾਲ ਜੋੜਨ ਵਾਲੇ ਅੰਡਰਬ੍ਰਿਜ ਵਿੱਚ ਤਿੰਨ ਦਿਨਾਂ ਤੋਂ ਬਰਸਾਤੀ ਪਾਣੀ ਖੜ੍ਹਾ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਦੱਸਣਯੋਗ ਹੈ ਕਿ ਰੇਲਵੇ ਵਿਭਾਗ ਵੱਲੋਂ ਲੰਘੇ ਸਾਲ ਵਾਹਨ ਚਾਲਕਾਂ ਦੀ ਸਹੂਲਤ ਲਈ ਆਈ.ਸੀ.ਐਲ ਵਾਲੇ ਫਾਟਕ ਨੂੰ ਬੰਦ ਕਰਕੇ ਉੱਥੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਅੰਡਰਬ੍ਰਿਜ ਬਣਾਇਆ ਗਿਆ ਸੀ ਜਿਸ ਵਿੱਚ ਬਰਸਾਤੀ ਪਾਣੀ ਦੇ ਨਿਕਾਸ ਲਈ ਵਾਟਰ ਇੰਚਾਰਜ ਸਿਸਟਮ ਲਗਾਇਆ ਗਿਆ ਸੀ ਪ੍ਰੰਤੂ ਦੋ ਦਿਨ ਪਹਿਲਾਂ ਹੋਈ ਮੌਨਸੂਨ ਦੀ ਬਾਰਿਸ਼ ਦਾ ਪਾਣੀ ਰੀਚਾਰਜ ਨਾ ਹੋਣ ਕਾਰਨ ਇਸ ਅੰਡਰਬ੍ਰਿਜ ਵਿੱਚ ਭਰਿਆ ਖੜ੍ਹਾ ਹੈ ਅਤੇ ਵਾਹਨਾਂ ਦਾ ਲੰਘਣਾ ਬੰਦ ਹੈ। ਇਸ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਅੰਡਰਬ੍ਰਿਜ ਵਿੱਚ ਪਾਣੀ ਦੀ ਨਿਕਾਸੀ ਲਈ ਢੁਕਵਾਂ ਪ੍ਰਬੰਧ ਕੀਤਾ ਜਾਵੇ।
ਇਸ ਸਬੰਧੀ ਸੰਪਰਕ ਕਰਨ ’ਤੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ ਦਾ ਕਹਿਣਾ ਹੈ ਕਿ ਰੇਲਵੇ ਵਿਭਾਗ ਵੱਲੋਂ ਅੰਡਰਬ੍ਰਿਜ ਵਿੱਚੋਂ ਬਰਸਾਤੀ ਪਾਣੀ ਨੂੰ ਵਾਟਰ ਰੀਚਾਰਜ ਸਿਸਟਮ ਰਾਹੀਂ ਜ਼ਮੀਨਦੋਜ਼ ਕਰਨ ਵਾਲਾ ਸਿਸਟਮ ਬੰਦ ਪਿਆ ਹੈ। ਇਸ ਸਬੰਧੀ ਉਹ ਰੇਲ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਅੰਡਰਬ੍ਰਿਜ ਵਿੱਚ ਖੜੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਮਸਲਾ ਉਠਾਉਣਗੇ।