ਮੁਕੰਦ ਸਿੰਘ ਚੀਮਾ
ਸੰਦੌੜ, 28 ਜਨਵਰੀ
ਨਜ਼ਦੀਕੀ ਪਿੰਡ ਕੁਠਾਲਾ ਵਿੱਚ ਅਖੰਡ ਪਾਠ ਸਾਹਿਬ ਦੇ ਨਾਂਅ ’ਤੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਫ਼ਰਾਰ ਹੋਏ ਅਖੌਤੀ ਬਾਬਾ ਗੁਰਮੇਲ ਸਿੰਘ ਨਾਲ ਸਬੰਧਤ ਮਾਮਲੇ ਵਿੱਚ ਪੁਲੀਸ ਨੇ ਚਾਰ ਹੋਰ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਬਹੁਚਰਚਿਤ ਮਾਮਲੇ ਵਿੱਚ ਪਹਿਲਾਂ ਹੀ ਪੁੁਲੀਸ ਵੱਲੋਂ ਬਾਬਾ ਗੁਰਮੇਲ ਸਿੰਘ ਸਮੇਤ ਗੁਰਦੁਆਰਾ ਕਮੇਟੀ ਦੇ ਤਿੰਨ ਮੈਂਬਰਾਂ ਖਿਲਾਫ਼ ਲੋਕਾਂ ਨਾਲ ਠੱਗੀ ਮਾਰਨ ਕਰਕੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।ਥਾਣਾ ਸੰਦੌੜ ਦੇ ਐੱਸ.ਐੱਚ.ਓ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਹੀ ਮਾਮਲੇ ਵਿਚ ਨਾਮਜ਼ਦ ਕੀਤੇ ਗਏ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਤੋਂ ਹੋਈ ਮੁੱਢਲੀ ਪੁੱਛਗਿੱਛ ਦੇ ਅਧਾਰ ’ਤੇ ਚਾਰ ਵਿਅਕਤੀਆਂ ਬੂਟਾ ਸਿੰਘ, ਨਰਿੰਦਰ ਸਿੰਘ ਦੋਵੇਂ ਵਾਸੀ ਗੋਬਿੰਦਪੁਰਾ, ਰਣਜੀਤ ਸਿੰਘ ਬੰਟੀ ਵਾਸੀ ਰੁੜਕਾ ਅਤੇ ਜਸਮੇਲ ਸਿੰਘ ਵਾਸੀ ਰੰਗੀਆਂ ਹਾਲ ਅਬਾਦ ਠੀਕਰੀਵਾਲ ਦੇ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਕੋਲੋਂ ਦੋ ਕਾਰਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਇਸ ਮਾਮਲੇ ਵਿਚ ਨੋਟਾਂ ਵਾਲਾ ਚਰਚਿਤ ਬਾਬਾ ਗੁਰਮੇਲ ਸਿੰਘ ਹਾਲੇ ਵੀ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ।