ਗੁਰਨਾਮ ਸਿੰਘ ਚੌਹਾਨ
ਪਾਤੜਾਂ, 29 ਅਕਤੂਬਰ
ਪਾਤੜਾਂ ਤੋਂ ਜਾਖਲ ਨੂੰ ਜਾਣ ਵਾਲੇ ਸਟੇਟ ਹਾਈਵੇਅ ਅਤੇ ਪਿੰਡ ਨਾਈਵਾਲਾ ਤੇ ਚੁਨਾਗਰਾ ਨੂੰ ਜਾਂਦੀ ਸੰਪਰਕ ਸੜਕ ਉੱਤੇ ਬਣੇ ਕੁੱਲ ਤਿੰਨ ਪੁਲਾਂ ਦੀਆਂ ਰੇਲਿੰਗਾਂ ਪਿਛਲੇ ਕਾਫ਼ੀ ਸਮੇਂ ਤੋਂ ਟੁੱਟੀਆਂ ਹੋਈਆਂ ਹਨ। ਇਸ ਕਾਰਨ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਟੇਟ ਹਾਈਵੇਅ ਦੇ ਪੁਲ ਤੋਂ ਮਹੀਨਾ ਕੁ ਪਹਿਲਾਂ ਰਾਤ ਸਮੇਂ ਇਕ ਕਾਰ ਝੰਬੋ ਚੋਅ ਵਿੱਚ ਡਿੱਗ ਗਈ ਸੀ। ਉਸ ਵਿੱਚ ਸਵਾਰ ਵਿਅਕਤੀਆਂ ਦਾ ਬਚਾਅ ਹੋ ਗਿਆ ਸੀ। ਡਰੇਨੇਜ਼ ਵਿਭਾਗ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਅਤੇ ਪ੍ਰਸ਼ਾਸਨਿਕ ਅਧਿਕਾਰੀ ਦੀ ਨਜ਼ਰ ਇਸ ਟੁੱਟੀ ਹੋਈ ਰੈਲਿੰਗ ਵਾਲੇ ਪਾਸੇ ਨਹੀਂ ਪਈ ਜਿਸ ਕਾਰਨ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ।
ਪਿੰਡ ਖਾਨੇਵਾਲ ਵਾਸੀਆਂ ਨੇ ਦੱਸਿਆ ਹੈ ਕਿ ਪੰਜਾਬ-ਹਰਿਆਣਾ ਨੂੰ ਜੋੜਨ ਵਾਲਾ ਹਾਈਵੇਅ (ਪਾਤੜਾਂ- ਜਾਖਲ ਸੜਕ) ਝੰਬੋ ਚੋਅ ਤੋਂ ਲੰਘਦੀ ਹੈ। ਉਸ ’ਤੇ ਬਣੇ ਪੁਲ ਦੀ ਰੇਲਿੰਗ ਟੁੱਟੀ ਹੋਣ ਕਾਰਨ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਇਸੇ ਤਰ੍ਹਾਂ ਪਿੰਡ ਨਾਈਵਾਲਾ ਦੀ ਸਰਪੰਚ ਅਨੁਪਮਾ ਦੇਵੀ ਦੇ ਪਤੀ ਰਮੇਸ਼ ਕੁਮਾਰ ਤੇ ਇਲਾਕਾ ਵਾਸੀ ਕਾਮਰੇਡ ਘੇਸਾ ਰਾਮ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ਤੋਂ ਪਿੰਡ ਨੂੰ ਜਾਂਦੀ ਸੜਕ ਉੱਤੇ ਬਣੇ ਪੁਲ ਦੀ ਰੇਲਿੰਗ ਟੁੱਟੀ ਨੂੰ ਕਾਫੀ ਸਮਾਂ ਬੀਤ ਗਿਆ ਹੈ ਅਤੇ ਮਾਮਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਠੋਸ ਕਾਰਵਾਈ ਨਹੀਂ ਹੋਈ। ਸਮਾਜ ਸੇਵੀ ਬਲਵੀਰ ਸਿੰਘ ਸ਼ੁਤਰਾਣਾ ਨੇ ਕਿਹਾ ਕਿ ਭਾਖੜਾ ਨਹਿਰ ਦੇ ਸਬ-ਡਿਵੀਜ਼ਨ ਪਾਤੜਾਂ ਅਧੀਨ ਆਉਂਦੇ ਖੇਤਰ ਵਿੱਚ ਅੱਧੀ ਦਰਜਨ ਦੇ ਕਰੀਬ ਪੁਲ ਹਨ ਜਿਨ੍ਹਾਂ ਵਿਚੋਂ ਦੋ ਪੁਲਾਂ ਦੀ ਹਾਲਤ ਖਸਤਾ ਹੈ ਜਦੋਂਕਿ ਇਸ ਪੁਲ ਦੀ ਰੇਲਿੰਗ ਟੁੱਟੀ ਨੂੰ ਕਾਫੀ ਸਮਾਂ ਬੀਤ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਰਸਤੇ ਤੋਂ ਰਾਤ ਸਮੇਂ ਪਿੰਡ ਨਾਈਵਾਲਾ ਅਤੇ ਸ਼ੁਤਰਾਣਾ ਵਾਸੀਆਂ ਦੇ ਲੰਘਣ ਸਮੇਂ ਹਾਦਸੇ ਦਾ ਖ਼ਦਸ਼ਾ ਰਹਿੰਦਾ ਹੈ।
ਉਨ੍ਹਾਂ ਮੰਗ ਕੀਤੀ ਕਿ ਟੁੱਟੇ ਹੋਏ ਪੁਲ ਦੀ ਰੇਲਿੰਗ ਦੀ ਜਲਦੀ ਮੁਰੰਮਤ ਕਰਵਾਈ ਜਾਵੇ। ਇਸ ਤੋਂ ਇਲਾਵਾ ਪਾਤੜਾਂ ਸ਼ਹਿਰ ਨੂੰ ਚਨਾਗਰਾ ਸਮੇਤ ਕਈ ਪਿੰਡਾਂ ਨੂੰ ਆਪਸ ਵਿੱਚ ਜੋੜਨ ਵਾਲੀ ਸੜਕ ’ਤੇ ਝੰਬੋ ਚੋਅ ਪੁਲ ਦੀ ਰੇਲਿੰਗ ਵੀ ਟੁੱਟੀ ਹੋਈ ਹੈ।
ਐੱਸਡੀਐੱਮ ਵੱਲੋਂ ਕਾਰਵਾਈ ਦਾ ਭਰੋਸਾ
ਐੱਸਡੀਐੱਮ (ਪਾਤੜਾਂ) ਨਵਦੀਪ ਕੁਮਾਰ ਨੇ ਦੱਸਿਆ ਕਿ ਪੁਲਾਂ ਦੀਆਂ ਰੇਲਿੰਗਾਂ ਠੀਕ ਕਰਵਾਉਣ ਲਈ ਸਬੰਧਤ ਮਹਿਕਮੇ ਨੂੰ ਫੋਨ ਰਾਹੀਂ ਸੂਚਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਸੋਮਵਾਰ ਨੂੰ ਲਿਖਤੀ ਰੂਪ ਵਿੱਚ ਸਬੰਧਤ ਅਧਿਕਾਰੀਆਂ ਦੇ ਧਿਆਨ ਵਿੱਚ ਮਾਮਲਾ ਲਿਆਂਦਾ ਜਾਵੇਗਾ ਤੇ ਰੇਲਿੰਗਾਂ ਦੀ ਮੁਰੰਮਤ ਕਰਵਾਉਣ ਲਈ ਕਿਹਾ ਜਾਵੇਗਾ।