ਸਰਬਜੀਤ ਸਿੰਘ ਭੰਗੂ
ਪਟਿਆਲਾ, 3 ਨਵੰਬਰ
ਨਾਜਾਇਜ਼ ਮਾਈਨਿੰਗ ਨੂੰ ਠੱਲ੍ਹ ਪਾਉਣ ਲਈ ਅੱਜ ਪਟਿਆਲਾ ਜ਼ਿਲ੍ਹੇ ’ਚ ਅਹਿਮ ਕਾਰਵਾਈ ਕੀਤੀ ਗਈ। ਇਸ ਦੌਰਾਨ ਦੋ ਟਿੱਪਰ ਅਤੇ ਦੋ ਜੇਸੀਬੀ ਅਤੇ ਚਾਰ ਪੋਕਲੇਨ ਮਸ਼ੀਨਾਂ ਜ਼ਬਤ ਕੀਤੀਆਂ ਗਈਆਂ। ਅਧਿਕਾਰੀਆਂ ਮੁਤਾਬਕ ਇਨ੍ਹਾਂ ਮਸ਼ੀਨਾਂ ਦੇ ਮਾਲਕਾਂ ਵਿਰੁੱਧ ਤਿੰਨ ਕੇਸ ਦਰਜ ਕਰਕੇ ਅਤੇ ਜ਼ਮੀਨ ਮਾਲਕਾਂ ਵਿਰੁੱਧ ਵੀ ਜਾਂਚ ਲਈ ਦਰਖ਼ਾਸਤ ਭੇਜ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਸ਼ਾਕਸੀ ਸਾਹਨੀ ਨੇ ਦੱਸਿਆ ਕਿ ਗੈਰਕਾਨੂੰਨੀ ਮਾਈਨਿੰਗ ਖ਼ਿਲਾਫ਼ ਪੂਰੀ ਚੌਕਸੀ ਵਰਤੀ ਜਾ ਰਹੀ ਹੈ।
ਜ਼ਿਲ੍ਹਾ ਮਾਈਨਿੰਗ ਅਫ਼ਸਰ ਰਾਘਵ ਗਰਗ ਨੇ ਦੱਸਿਆ ਕਿ ਜ਼ਿਲ੍ਹੇ ਦੇ ਘਨੌਰ ਖੇਤਰ ਦੇ ਪਿੰਡ ਕੁੱਥਾਖੇੜੀ ਵਿੱਚ ਨਾਜਾਇਜ਼ ਮਾਈਨਿੰਗ ਦੀ ਸੂਚਨਾ ਮਿਲੀ ਤਾਂ ਮਾਈਨਿੰਗ ਇੰਸਪੈਕਟਰ ਸੁਸ਼ਾਂਤ ਵਾਲੀਆ ਅਤੇ ਜੇਈ ਵਿਕਰਮ ਦੀ ਅਗਵਾਈ ਹੇਠ ਮਾਈਨਿੰਗ ਵਿਭਾਗ ਦੀ ਟੀਮ ਨੇ ਜਾਂਚ ਕੀਤੀ। ਇਸ ਦੌਰਾਨ ਇਕ ਖੇਤ ਵਿੱਚ ਕੀਤੇ ਡੂੰਘੇ ਟੋਏ ਨੇੜੇ ਪੋਕਲੇਨ ਮਸ਼ੀਨ ਨਜ਼ਰ ਆਈ ਜਿਸ ਨੂੰ ਜ਼ਬਤ ਕਰ ਲਿਆ ਗਿਆ। ਥਾਣਾ ਖੇੜੀ ਗੰਢਿਆਂ ਦੇ ਇੰਸਪੈਕਟਰ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਇਸ ਗ਼ੈਰਕਾਨੂੰਨੀ ਮਾਈਨਿੰਗ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਉਧਰ, ਐਂਟੀ ਮਾਈਨਿੰਗ ਸੈੱਲ ਦੇ ਮੁਖੀ ਡਾ. ਜਗਬੀਰ ਸਿੰਘ ਨੇ ਦੱਸਿਆ ਕਿ ਥਾਣਾ ਪਸਿਆਣਾ ਦੇ ਐੱਸਐੱਚਓ ਅੰਕੁਰਦੀਪ ਸਿੰਘ ਅਤੇ ਡਕਾਲਾ ਪੁਲੀਸ ਚੌਕੀ ਦੇ ਇੰਚਾਰਜ ਗੁਰਿੰਦਰ ਸਿੰਘ ਦੀ ਅਗਵਾਈ ਹੇਠ ਨਾਜਾਇਜ਼ ਮਾਈਨਿੰਗ ਖ਼ਿਲਾਫ ਪਿੰਡ ਦੌਧਰ ਵਿੱਚ ਵੀ ਛਾਪਾ ਮਾਰ ਕੇ ਇੱਕ ਟਿੱਪਰ ਅਤੇ ਪੋਕਲੇਨ ਮਸ਼ੀਨ ਜ਼ਬਤ ਕੀਤੀ ਗਈ ਹੈ। ਇਸੇ ਤਰ੍ਹਾਂ ਪਿੰਡ ਸਹਿਜਪੁਰਾ ਖੁਰਦ ਵਿੱਚ ਵੀ ਨਾਜਾਇਜ਼ ਮਾਈਨਿੰਗ ਵਿਰੁੱਧ ਛਾਪਾ ਮਾਰਿਆ ਗਿਆ ਹੈ। ਇਸ ਦੌਰਾਨ ਤਿੰਨ ਪੋਕਲੇਨ ਮਸ਼ੀਨਾਂ, ਦੋ ਜੇਸੀਬੀ ਮਸ਼ੀਨਾਂ, ਇਕ ਟਿੱਪਰ ਅਤੇ ਇਕ ਟਰਾਲੀ ਜ਼ਬਤ ਕਰਕੇ ਪੁਲੀਸ ਚੌਕੀ ਮਵੀ ਕਲਾਂ ਦੇ ਹਵਾਲੇ ਕਰ ਦਿੱਤੀ ਗਈ ਹੈ।