ਗੁਰਨਾਮ ਸਿੰਘ ਅਕੀਦਾ
ਪਟਿਆਲਾ, 10 ਅਕਤੂਬਰ
ਨਗਰ ਨਿਗਮ ਪਟਿਆਲਾ ਵੱਲੋਂ 12 ਅਕਤੂਬਰ ਨੂੰ ਸ਼ਹਿਰ ਵਿੱਚ ਕੰਮ ਕਰਾਉਣ ਲਈ ਟੈਂਡਰ ਖੋਲ੍ਹਣ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਕਈ ਖ਼ੁਲਾਸੇ ਕੀਤੇ ਹਨ। ਨਾਭਾ ਗੇਟ ਕੋਲ ਚੱਲ ਰਹੇ ਸਲੈਬ ਦੇ ਕੰਮ ਕੋਲ ਆਪ ਆਗੂਆਂ ਨੇ ਨਿਗਮ ਨੂੰ ਕਈ ਸਵਾਲਾਂ ਵਿੱਚ ਘੇਰਿਆ ਹੈ ਤੇ ਭਲਕੇ ਖੁੱਲ੍ਹਣ ਵਾਲੇ ਟੈਂਡਰਾਂ ਨੂੰ ਰੱਦ ਕਰਕੇ ਛੋਟੇ-ਵੱਡੇ ਠੇਕੇਦਾਰਾਂ ਰਾਹੀਂ ਓਪਨ ਟੈਂਡਰ ਖੋਲ੍ਹਣ ਦੀ ਮੰਗ ਕੀਤੀ ਹੈ। ਭਾਸ਼ਾ ਵਿਭਾਗ ਤੋਂ ਨਾਭਾ ਗੇਟ ਤੱਕ ਨਾਲੇ ਉਪਰ ਪਹਿਲਾਂ ਹੀ ਪਾਈ ਹੋਈ ਮੋਟੀ ਆਰਸੀਸੀ ਸਲੈਬ ’ਤੇ ਮੁੜ ਪੈ ਰਹੀ ਸਲੈਬ ਨੂੰ ਵੀ ਸਵਾਲਾਂ ਤੇ ਘੇਰੇ ’ਚ ਲਿਆਂਦਾ ਹੈ। ਪਾਰਟੀ ਦੇ ਸ਼ਹਿਰੀ ਆਗੂ ਕੁੰਦਨ ਗੋਗੀਆ, ਸਿਮਰਨਪ੍ਰੀਤ ਸਿੰਘ, ਜਗਤਾਰ ਤਾਰੀ, ਰਾਜਿੰਦਰ ਮੋਹਨ, ਰਾਜਵੀਰ ਸਿੰਘ, ਸੁਸ਼ੀਲ ਮਿੱਡਾ ਆਦਿ ਆਗੂਆਂ ਨੇ ਕਿਹਾ ਕਿ ਨਾਲਾ ਸੀਵਰੇਜ ਦੇ ਪਾਣੀ ਤੇ ਗੰਦਗੀ ਨਾਲ ਭਰਿਆ ਪਿਆ ਹੈ। ਇਸ ਨੂੰ ਸਾਫ਼ ਕਰਨ ਦੀ ਬਜਾਏ ਸਲੈਬ ਦੇ ਉੱਪਰ ਸਲੈਬ ਪਾਈ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਕਰੀਬ 70 ਲੱਖ ਦੀ ਲਾਗਤ ਨਾਲ ਇਹ ਸਲੈਬ ਪਾਈ ਜਾ ਰਹੀ ਹੈ। ਇਸ ਕਰਕੇ ਪੂਰੇ ਰੇਟ ’ਤੇ ਇਹ ਸਿਵਲ ਕੰਮ ਕਰਵਾ ਕੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਇਆ ਗਿਆ ਹੈ। ‘ਆਪ’ ਆਗੂਆਂ ਨੇ ਕਿਹਾ ਕਿ ਜਦੋਂ ਵੀ ਨਗਰ ਨਿਗਮ ਦੇ ਟੈਂਡਰ ਖੁੱਲ੍ਹਦੇ ਹਨ ਤਾਂ ਮਹਿਜ਼ 5-6 ਠੇਕੇਦਾਰਾਂ ਜੋ ਨਿਗਮ ਆਗੂਆਂ ਦੇ ਚਹੇਤੇ ਹਨ, ਨੂੰ ਹੀ ਕੰਮ ਅਲਾਟ ਹੋ ਜਾਂਦੇ ਹਨ। ਆਮ ਤੇ ਛੋਟੇ ਠੇਕੇਦਾਰ ਕੰਮਾਂ ਤੋਂ ਵਾਂਝੇ ਰਹਿ ਜਾਂਦੇ ਹਨ। ਆਗੂਆਂ ਨੇ ਇਸ ਟੈਂਡਰ ਮਾਮਲੇ ਦੀ ਵਿਜੀਲੈਂਸ ਤੋਂ ਉੱਚ ਪੱਧਰੀ ਜਾਂਚ ਕਰਨ ਦੀ ਮੰਗ ਕੀਤੀ ਹੈ। ਆਗੂਆਂ ਨੇ ਕਿਹਾ ਕਿ ਸ਼ਹਿਰ ਦੇ ਇਸ ਤੋਂ ਪਹਿਲਾਂ ਹੋਏ ਵਿਕਾਸ ਕਾਰਜ ਵੀ ਲਗਪਗ ਇਨ੍ਹਾਂ ਠੇਕੇਦਾਰਾਂ ਨੇ ਹੀ ਕੀਤੇ ਹਨ। ਆਗੂਆਂ ਨੇ ਕਿਹਾ ਕਿ ਪੂਲ ਟੈਂਡਰ ਰੱਦ ਕਰਕੇ ਖੁੱਲ੍ਹੇ ਟੈਂਡਰ ਮੰਗੇ ਜਾਣ। ਸ਼ਹਿਰ ਦੀ ਵਾਰਡ ਨੰਬਰ 1, 27, 52, 53, 54, 55, 56, 57, 58, 59 ਲਈ ਕਰੀਬ 389 ਲੱਖ, ਵਾਰਡ ਨੰਬਰ 33, 34, 35, 36, 37, 38, 39, 40, 41, 42, 47, 48, 49 ਵਾਰਡ ਲਈ ਕਰੀਬ 382 ਲੱਖ, ਵਾਰਡ ਨੰਬਰ 31, 32, , 43, 44, 45, 46, 50 ਅਤੇ 51 ਲਈ ਕਰੀਬ 410 ਲੱਖ ਸਮੇਤ ਹੋਰ ਵਾਰਡਾਂ ਲਈ ਵੀ ਕੰਮਾਂ ਦੇ ਟੈਂਡਰ ਭਲਕੇ 12 ਅਕਤੂਬਰ ਨੂੰ ਸਵੇਰੇ 11 ਵਜੇ ਖੁੱਲ੍ਹਣਗੇ।
ਸਾਰੇ ਕੰਮ ਨਿਯਮਾਂ ਅਨੁਸਾਰ ਤੇ ਸ਼ਹਿਰ ਦੇ ਭਲੇ ਲਈ ਹੋ ਰਹੇ ਨੇ: ਕਮਿਸ਼ਨਰ
ਨਗਰ ਨਿਗਮ ਦੀ ਕਮਿਸ਼ਨਰ ਪੂਨਮ ਦੀਪ ਕੌਰ ਨੇ ਕਿਹਾ ਹੈ ਕਿ ਸਾਰੇ ਵਿਭਾਗਾਂ ਵਾਂਗ ਈ-ਟੈਂਡਰ ਹੋ ਰਹੇ ਹਨ। ਨਾਲਾ ਵੀ ਸਾਫ਼ ਕਰਾਇਆ ਜਾ ਰਿਹਾ ਹੈ, ਜੇ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਸਾਡੇ ਤੱਕ ਸੰਪਰਕ ਕਰ ਸਕਦਾ ਹੈ ਕਿਉਂਕਿ ਸਾਰੇ ਕੰਮ ਨਿਯਮਾਂ ਅਨੁਸਾਰ ਹੀ ਕੀਤੇ ਜਾ ਰਹੇ ਹਨ।