ਪੱਤਰ ਪ੍ਰੇਰਕ
ਘਨੌਰ, 21 ਨਵੰਬਰ
ਇੱਥੋਂ ਦੇ ਨੇੜਲੇ ਪਿੰਡ ਰਾਮਪੁਰ ਵਿੱਚ ਵਿਆਹ ਸਮਾਗਮ ਦੌਰਾਨ ਡੀਜੇ ’ਤੇ ਗਾਣਾ ਲਗਵਾਉਣ ਨੂੰ ਲੈ ਕੇ ਹੋਏ ਝਗੜੇ ਵਿੱਚ ਦੋ ਭਰਾ ਜ਼ਖਮੀ ਹੋ ਗਏ।
ਥਾਣਾ ਘਨੌਰ ਦੇ ਮੁਖੀ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰੰਘ ਵਾਸੀ ਪਿੰਡ ਰਾਮਪੁਰ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਆਪਣੇ ਛੋਟੇ ਭਰਾ ਹਰਪ੍ਰੀਤ ਸਿੰਘ ਨਾਲ ਪਿੰਡ ਵਿੱਚ ਕਿਸੇ ਵਿਆਹ ਸਮਾਗਮ ’ਤੇ ਗਿਆ ਹੋਇਆ ਸੀ, ਜਿਥੇ ਡੀਜ਼ੇ ’ਤੇ ਗਾਣਾ ਲਗਵਾਉਣ ਨੂੰ ਲੈ ਕੇ ਮੁੱਦਈ ਦੇ ਭਰਾ ਹਰਪ੍ਰੀਤ ਸਿੰਘ ਨਾਲ ਹਰਜੀਤ ਸਿੰਘ, ਹਮਨੀਤ ਸਿੰਘ, ਕੁਲਦੀਪ ਸਿੰਘ ਅਤੇ ਪਰਮਜੀਤ ਕੌਰ ਵਾਸੀਆਨ ਰਾਮਪੁਰ ਦਾ ਝਗੜਾ ਹੋ ਗਿਆ। ਇਸ ਤੋਂ ਬਾਅਦ ਜਦੋਂ ਮੁੱਦਈ ਅਤੇ ਉਸ ਦਾ ਭਰਾ ਮੋਟਰਸਾਈਕਲ ’ਤੇ ਆਪਣੇ ਘਰ ਜਾਣ ਲੱਗੇ ਤਾਂ ਇਨ੍ਹਾਂ ਚਾਰ ਜਣਿਆਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਹਮਲਾ ਕਰ ਦਿੱਤਾ ਜਿਸ ਵਿੱਚ ਮੁੱਦਈ ਅਤੇ ਉਸ ਦੇ ਭਰਾ ਹਰਪ੍ਰੀਤ ਸਿੰਘ ਜ਼ਖਮੀ ਹੋ ਗਏ।
ਹਰਪ੍ਰੀਤ ਸਿੰਘ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਜਦੋਂ ਕਿ ਮੁੱਦਈ ਘਨੌਰ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹਮਲਾਵਰ ਧਿਰ ਦੇ ਚਾਰ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।