ਸਰਬਜੀਤ ਸਿੰਘ ਭੰਗੂ
ਪਟਿਆਲਾ, 18 ਫਰਵਰੀ
ਪਟਿਆਲਾ ਜ਼ਿਲ੍ਹੇ ’ਚ ਕੁੱਲ ਅੱਠ ਵਿਧਾਨ ਸਭਾ ਹਲਕੇ ਹਨ। ਭਾਵੇਂ ਰਵਾਇਤੀ ਪਾਰਟੀਆਂ ਦੇ ਉਮੀਦਵਾਰਾਂ ਦੀ ਪੁਜੀਸ਼ਨ ਵਧੀਆ ਬਣੀ ਹੋਈ ਹੈ, ਪਰ ਤਕਰੀਬਨ ਸਾਰੇ ਅੱਠ ਹਲਕਿਆਂ ’ਚ ਹੀ ‘ਆਪ’ ਉਮੀਦਵਾਰਾਂ ਨੇ ਇਨ੍ਹਾਂ ਰਵਾਇਤੀ ਪਾਰਟੀਆਂ ਦੀ ਚਾਲ ਵਿਗਾੜੀ ਹੋਈ ਹੈ। ਰਾਜਪੁਰਾ ’ਚ ‘ਆਪ’ ਦੀ ਤਰ੍ਹਾਂ ਹੀ ਭਾਜਪਾ ਦਾ ਜੱੱਗਾ ਵਧੇਰੇ ਚਰਚਾ ’ਚ ਹੈ।
ਕੈਪਟਨ ਅਮਰਿੰਦਰ ਸਿੰਘ ਕਰਕੇ ਪਟਿਆਲਾ ਸ਼ਹਿਰੀ ਹਲਕੇ ’ਤੇ ਐਤਕੀ ਸਮੁੱਚੇ ਪੰਜਾਬ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਹਨ। ਐਤਕੀ ਉਹ ਕਾਂਗਰਸ ਦੀ ਬਜਾਏ ‘ਪੰਜਾਬ ਲੋਕ ਕਾਂਗਰਸ ’ ਦੀ ਤਰਫ਼ੋਂ ਮੈਦਾਨ ’ਚ ਹਨ ਤੇ ਚੋਣ ਨਿਸ਼ਾਨ ਵੀ ਹਾਕੀ ਤੇ ਗੇਂਦ ਹੈ ਜਿਸ ਕਰਕੇ ਪਰਿਵਾਰ ਅਤੇ ਪ੍ਰਚਾਰਕ ਟੀਮ ਨੂੰ ਉਮੀਦਵਾਰੀ ਨਾਲ਼ੋਂ ਚੋਣ ਨਿਸ਼ਾਨ ਦਾ ਵਧੇਰੇ ਪ੍ਰਚਾਰ ਕਰਨਾ ਪੈ ਰਿਹਾ ਹੈ।
ਉਧਰ ਅਕਾਲੀ ਦਲ ਦੇ ਹਰਪਾਲ ਜੁਨੇਜਾ ਅਜਿਹੇ ਉਮੀਦਵਾਰ ਹਨ, ਜਿਨ੍ਹਾਂ ਦਾ ਐਲਾਨ ਸਭ ਤੋਂ ਪਹਿਲਾਂ ਹੋਣ ਕਰਕੇ ਉਨ੍ਹਾਂ ਨੇ ਕਾਫ਼ੀ ਚਿਰ ਤੋਂ ਚੋਣ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਜਨਰਲ ਚੋਣ ’ਚ ਹਰਪਾਲ ਜੁਨੇਜਾ ਹੀ ਅਕਾਲੀ ਦਲ ਦੇ ਪਲੇਠੇ ਹਿੰਦੂ ਚਿਹਰੇ ਹਨ ਤੇ ਮੁਹਿੰਮ ਚਮਕਾਈ ਹੋਈ ਹੈ। ਇਥੋਂ ਆਪ ਦੇ ਅਜੀਤਪਾਲ ਕੋਹਲੀ ਅਤੇ ਕਾਂਗਰਸ ਦੇ ਵਿਸ਼ਨੂੰ ਸ਼ਰਮਾ ਵੀ ਚਰਚਾ ’ਚ ਹਨ।
ਪਟਿਆਲਾ ਦਿਹਾਤੀ ’ਚ ਕਾਂਗਰਸ ਦੇ ਮੋਹਿਤ ਮਹਿੰਦਰਾ, ‘ਆਪ’ ਦੇ ਡਾ. ਬਲਬੀਰ ਸਿੰਘ, ਅਕਾਲੀ ਦਲ ਦੇ ਬਿੱਟੂ ਚੱਠਾ ਅਤੇ ਸੰਯੁਕਤ ਸਮਾਜ ਮੋਰਚੇ ਦੇ ਧਰਮਿੰਦਰ ਸਪੋਲੀਆ ਪ੍ਰਮੁੱੱਖ ਉਮੀਦਵਾਰ ਹਨ। ਸੌਰਵ ਜੈਨ ਨੇ ਆਜ਼ਾਦ ਹੋਣ ਦੇ ਬਾਵਜੂਦ ਚੰਗੀਆਂ ਰੌਣਕਾਂ ਲਾਈਆਂ ਹੋਈਆਂ ਹਨ। ਆਜ਼ਾਦ ਜਗਦੀਪ ਨਿੱਕੂ ਦੀ ਮੁਹਿੰਮ ਵੀ ਚਮਕੀ ਹੋਈ ਹੈ।
ਰਾਜਪੁਰਾ ਹਲਕੇ ’ਚ ਪਿਛਲੀਆਂ ਦੋ ਚੋਣਾਂ ਭਾਰੀ ਲੀਡ ਨਾਲ਼ ਜਿੱਤਣ ਵਾਲ਼ੇ ਕਾਂਗਰਸ ਦੇ ਹਰਦਿਆਲ ਕੰਬੋਜ ਦੀ ਮੁਹਿੰਮ ਵੀ ਸਿਖਰਾਂ ’ਤੇ ਹੈ। ਸਮਰਥਕ ਜਿੱਤ ਲਈ ਆਸਵੰਦ ਹਨ ਪਰ ਇੱਥੇ ਭਾਜਪਾ ਉਮੀਦਵਾਰ ਜਗਦੀਸ਼ ਜੱਗਾ ਦੀ ਆਮਦ ਨੇ ਤਾਂ ਸਮੀਕਰਨ ਹੀ ਬਦਲੇ ਹੋਏ ਹਨ। ਉਪਰੋਂ ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਗੜ੍ਹੀ ਦੇ ਭਾਜਪਾ ’ਚ ਸ਼ਾਮਲ ਹੋਣ ਨਾਲ਼ ਜੱਗਾ ਦੀ ਮੁਹਿੰਮ ਹੋਰ ਵੀ ਵਧੇਰੇ ਨਿੱਖਰ ਚੁੱਕੀ ਹੈ। ‘ਆਪ’ ਉਮੀਦਵਾਰ ਨੀਨਾ ਮਿੱਤਲ ਨੂੰ ਵੀ ਘੱਟ ਕਰਕੇ ਨਹੀਂ ਵੇਖਿਆ ਜਾ ਸਕਦਾ। ਅਕਾਲੀ ਉਮੀਦਵਾਰ ਚਰਨਜੀਤ ਬਰਾੜ ਦੀ ਚੋਣ ਮੁਹਿੰਮ ਭਾਵੇਂ ਕਿ ਪਛੜ ਗਈ ਸੀ, ਪਰ ਇਕ ਵਾਰ ਉਹ ਫੇਰ ਸੰਭਲ ਗਏ ਹਨ। ਘਨੌਰ ਤੋਂ ਕਾਂਗਰਸ ਉਮੀਦਵਾਰ ਮਦਨ ਲਾਲ ਜਲਾਲਪੁਰ ਦੀ ਚੋਣ ਮੁਹਿੰਮ ਵੀ ਭਾਵੇਂ ਸਿਖਰਾਂ ’ਤੇ ਹੈ, ਦੂਜੇ ਪਾਸੇ ਅਕਾਲੀ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਆਪ ਦੇ ਗੁਰਲਾਲ ਘਨੌਰ ਜਲਾਲਪੁਰ ਡਟੇ ਹੋਏ ਹਨ। ਉਂਜ ਘਨੌਰ ’ਚ ਸੰਯੁਕਤ ਸਮਾਜ ਮੋਰਚੇ ਦੇ ਪ੍ਰੇਮ ਸਿੰਘ ਭੰਗੂ ਅਤੇ ਭਾਜਪਾ ਦੇ ਵਿਕਾਸ ਸ਼ਰਮਾ ਵੀ ਚਰਚਾ ’ਚ ਹਨ। ਸਨੌਰ ’ਚ ਅਕਾਲੀ ਉਮੀਦਵਾਰ ਹਰਿੰਦਰਪਾਲ ਚੰਦੂਮਾਜਰਾ, ਆਪ ਦੇ ਹਰਮੀਤ ਪਠਾਣਮਾਜਰਾ, ਕਾਂਗਰਸ ਦੇ ਹੈਰੀਮਾਨ ਅਤੇ ਪੀਐਲਸੀ ਦੇ ਬਿਕਰਮ ਚਹਿਲ ’ਚ ਪੂਰੀ ਜ਼ੋਰ ਅਜਮਾਈ ਚੱਲ ਰਹੀ ਹੈ। ਸਮਾਣਾ’ਚ ਹੀ ਕਾਂਗਰਸੋ ਦੇ ਰਾਜਿੰਦਰ ਸਿੰਘ, ਅਕਾਲੀ ਸੁਰਜੀਤ ਰੱਖੜਾ ਅਤੇ ਆਪ ਦੇ ਚੇਤਨ ਸਿੰਘ ਜੌੜਾਮਾਜਰਾ ਅਤੇ ਪੀਐਲਸੀ ਦੀ ਸੁਰਿੰਦਰ ਸਿੰਘ ਖੇੜਕੀ ’ਚ ਖਿੱੱਚੋਤਾਣ ਚੱਲ ਰਹੀ ਹੈ।
ਸ਼ੁਤਰਾਣਾ ’ਚ ਅਕਾਲੀ ਦਲ ਦੀ ਵਨਿੰਦਰ ਕੌਰ ਲੂੰਬਾ, ਆਪ ਦੇ ਕੁਲਵੰੰਤ ਬਾਜ਼ੀਗਰ ਅਤੇ ਕਾਂਗਰਸ ਦੇ ਦਰਬਾਰਾ ਸਿੰਘ ਹੀ ਮੁੱਖ ਉਮੀਦਵਾਰਾਂ ਵਜੋਂ ਉਭਰ ਸਕੇ ਹਨ। ਉਧਰ ਨਾਭਾ ਹਲਕੇ’ਚ ਆਪ ਦੇ ਦੇਵ ਮਾਨ, ਕਾਂਗਰਸ ਦੇ ਸਾਧੂ ਸਿੰਘ ਧਰਮਸੋਤ ਅਤੇ ਅਕਾਲੀ ਦਲ ਦੇ ਕਬੀਰ ਦਾਸ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਕਸ਼ਮਕਸ਼ ’ਚ ਹਨ।