ਸਰਬਜੀਤ ਸਿੰਘ ਭੰਗੂ
ਪਟਿਆਲਾ, 17 ਅਕਤੂਬਰ
‘ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ’ (ਪੂਟਾ) ਦੀਆਂ 21 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਸਬੰਧੀ ਅੱਜ ਨਾਮਜ਼ਦਗੀਆਂ ਵਾਪਸ ਲੈਣ ਦਾ ਅੰਤਲਾ ਦਿਨ ਹੋਣ ਕਰਕੇ ਉਮੀਦਵਾਰਾਂ ਸਬੰਧੀ ਸਥਿਤੀ ਸਪੱਸ਼ਟ ਹੋ ਗਈ ਹੈ। ਇਸ ਦੌਰਾਨ ਪ੍ਰ੍ਰਧਾਨ, ਮੀਤ ਪ੍ਰਧਾਨ, ਸਕੱਤਰ ਅਤੇ ਜੁਆਇੰਟ ਸਕੱਤਰ ਸਮੇਤ ਸੱਤ ਐਗਜੈਕਟਿਵ ਮੈਂਬਰਾਂ ਦੀ ਚੋਣ ਹੋਣੀ ਹੈ।
ਐਤਕੀਂ ਮੁੱਖ ਰੂਪ ’ਚ ਦੋ ਧਿਰਾਂ ਹੀ ਆਹਮੋ-ਸਾਹਮਣੇ ਹਨ। ਇਨ੍ਹਾਂ ਵਿੱਚ ਏਪੀਯੂਟੀ ਅਤੇ ਪੀਟੀਏ ’ਤੇ ਆਧਾਰਤ ਦੋ ਵੱਖੋ-ਵੱਖਰੇ ਗੱੱਠਜੋੜ ਸ਼ਾਮਲ ਹਨ। ਇਨ੍ਹਾਂ ਵਿੱਚੋਂ ਏਪੀਯੂਟੀ ਦੇ ਅਧੀਨ ਪੀਟੀਸੀ, ਏਪੀਟੀ, ਡੀਟੀਐੱਫ ਅਤੇ ਟੀਐਫਐੱਸ ਸ਼ਾਮਲ ਹਨ। ਜਾਣਕਾਰੀ ਮੁਤਾਬਕ ਪ੍ਰਧਾਨਗੀ ਪਦ ਲਈ ਡਾ. ਅਵੀਨੀਤਪਾਲ ਸਿੰਘ, ਮੀਤ ਪ੍ਰਧਾਨ ਲਈ ਡਾ. ਸੁਖਵਿੰਦਰ ਸਿੰਘ, ਸਕੱਤਰ ਲਈ ਡਾ. ਗੁਰਜੀਤ ਸਿੰਘ ਭੱਠਲ ਅਤੇ ਜੁਆਇੰਟ ਸਕੱਤਰ/ਖਜ਼ਾਨਚੀ ਲਈ ਡਾ. ਅਰਨੀਤ ਗਰੇਵਾਲ ਦੇ ਨਾਮ ਸ਼ਾਮਲ ਹਨ। ਇਸ ਤੋਂ ਇਲਾਵਾ ਮੈਂਬਰਾਂ ਦੇ ਅਹੁਦਿਆਂ ਲਈ ਆਪਣੇ ਉਮੀਦਵਾਰ ਮੈਦਾਨ ’ਚ ਉਤਾਰੇ ਹਨ। ਦੂਜੇ ਬੰਨ੍ਹ ਪੀਟੀਏ ਵੱਲੋਂ ਪ੍ਰਧਾਨਗੀ ਪਦ ਲਈ ਡਾ. ਨਿਸ਼ਾਨ ਸਿੰਘ ਦਿਓਲ ਨੂੰ ਮੈਦਾਨ ’ਚ ਉਤਾਰਿਆ ਗਿਆ ਹੈ। ਜਦਕਿ ਡਾ. ਮੋਹਣ ਸਿੰਘ ਨੂੰ ਮੀਤ ਪ੍ਰਧਾਨ, ਡਾ. ਮਨਿੰਦਰ ਸਿੰਘ ਨੂੰ ਸਕੱਤਰ ਅਤੇ ਕਰਨਦੀਪ ਸਿੰਘ ਨੂੰ ਜੁਆਇੰਟ ਸਕੱਤਰ/ਖਜ਼ਾਨਚੀ ਦੇ ਅਹੁਦੇ ਲਈ ਚੋਣ ਪਿੜ ’ਚ ਉਤਾਰਿਆ ਗਿਆ ਹੈ। ਇਸ ਤੋਂ ਇਲਾਵਾ ਦੋਵਾਂ ਗੁੱਟਾਂ ਵੱੱਲੋਂ ਐਗਜੈਕਟਿਵ ਮੈਂਬਰ ਦੀਆਂ ਸੱੱਤ ਸੀਟਾਂ ਕੁੱਲ ਨੌਂ ਉਮੀਦਵਾਰ ਮੈਦਾਨ ’ਚ ਉਤਾਰੇ ਗਏ ਹਨ। ਇਸੇ ਦੌਰਾਨ ਏਪੀਯੂਟੀ ਨਾਲ ਸਬੰਧਤ ਅਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਮੁਖ ਸਿੰਘ ਅਤੇ ਡਾ. ਗੁਰਜੀਤ ਭੱਠਲ ਸਮੇਤ ਪੀਟੀਏ ਦੇ ਆਗੂ ਡਾ. ਗੁਰਨਾਮ ਵਿਰਕ ਤੇ ਰਾਜਵਿੰਦਰ ਢੀਂਡਸਾ ਆਦਿ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਵਿੱਤੀ ਹਾਲਾਤ ਸੁਧਾਰਨ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ ਦੋਵਾਂ ਗੁੱਟਾਂ ਵੱਲੋਂ ਆਪੋ ਆਪਣੇ ਪੱਧਰ ’ਤੇ ਚੋਣ ਮੈਨੀਫੈਸਟੋ ਵੀ ਜਾਰੀ ਕੀਤੇ ਗਏ ਹਨ।