ਖੇਤਰੀ ਪ੍ਰਤੀਨਿਧ
ਪਟਿਆਲਾ, 7 ਜਨਵਰੀ
ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਦਾ ਵਫ਼ਦ ਪੰਜਾਬ ਵਿਧਾਨ ’ਚ ਵਿਰੋਧੀ ਧਿਰ ‘ਆਪ’ ਦੇ ਨੇਤਾ ਹਰਪਾਲ ਸਿੰਘ ਚੀਮਾ ਨੂੰ ਮਿਲਿਆ। ਇਸ ਦੌਰਾਨ 7ਵਾਂ ਪੇਅ ਕਮਿਸ਼ਨ ਲਾਗੂ ਕਰਵਾਉਣ ਅਤੇ ਡੀਲਿੰਕਿੰਗ ਨੂੰ ਰੱਦ ਕਰਵਾਉਣ ’ਤੇ ਜ਼ੋਰ ਪਾਇਆ ਗਿਆ। ਪੂਟਾ ਦੇ ਸਕੱਤਰ ਸੁਖਜਿੰਦਰ ਸਿੰਘ ਬੁੱਟਰ ਅਤੇ ਹੋਰ ਅਹੁਦੇਦਾਰਾਂ ਨੇ ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਨਾਲ ਅਧਿਆਪਕਾਂ ਦੇ ਮਸਲਿਆਂ ’ਤੇ ਚਰਚਾ ਕੀਤੀ ਤੇ ਇਸ ਸਬੰਧੀ ਮੰਗ ਪੱਤਰ ਵੀ ਦਿੱਤਾ। ਸੁਖਜਿੰਦਰ ਬੁੱਟਰ ਨੇ ਦੱਸਿਆ ਕਿ ਹਰਪਾਲ ਚੀਮਾ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਅਧਿਆਪਕਾਂ ਦੇ ਮਸਲਿਆਂ ਦੇ ਹੱਲ ਲਈ ਜਾਰੀ ਸੰਘਰਸ਼ ਦਾ ਸਮਰਥਨ ਕਰਦੇ ਹਨ। ਇਸ ਸਬੰਧੀ ਉਨ੍ਹਾਂ ਮੁੱਖ ਮੰਤਰੀ ਨਾਲ ਫੋਨ ’ਤੇ ਵੀ ਗੱਲ ਕੀਤੀ। ਉਨ੍ਹਾਂ ਨੇ ਆਖਿਆ ਕਿ ਸਾਰੇ ਭਾਰਤ ਵਿੱਚ ਯੂਜੀਸੀ ਦਾ 7ਵਾਂ ਪੇਅ ਕਮਿਸ਼ਨ 2017 ਵਿੱਚ ਕੇਂਦਰ ਸਰਕਾਰ ਨੇ ਨੋਟੀਫਾਈ ਕੀਤਾ ਅਤੇ ਲਗਭਗ ਪੰਜਾਬ ਨੂੰ ਛੱਡ ਕੇ ਭਾਰਤ ਦੇ ਸਾਰੇ ਰਾਜਾਂ ਵਿੱਚ ਲਾਗੂ ਵੀ ਹੋ ਚੁੱਕਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਮੌਜੂਦਾ ਸਰਕਾਰਾਂ ਉੱਚ ਸਿੱਖਿਆ ਨੂੰ ਖ਼ਤਮ ਕਰਨ ਦੇ ਰਸਤੇ ਤੁਰੀਆਂ ਹੋਈਆਂ ਹਨ। ਇਸ ਦੇ ਨਤੀਜੇ ਵਜੋਂ ਉਹ ਸਿੱਖਿਆ ਦਾ ਨਿਜੀਕਰਨ, ਵਪਾਰੀਕਰਨ ਅਤੇ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਕਰ ਰਹੀਆਂ ਹਨ। ਪੂਟਾ ਆਗੂਆਂ ਨੇ ਆਖਿਆ ਕਿ ਉਹ ਕਈ ਮਹੀਨਿਆਂ ਤੋਂ ਆਪਣੀਆਂ ਮੰਗਾਂ ਸਬੰਧੀ ਧਰਨੇ, ਮੁਜ਼ਾਹਰੇ, ਭੁੱਖ-ਹੜਤਾਲ, ਮਰਨ ਵਰਤ, ਘਿਰਾਓ ਕਰਨ ਲਈ ਮਜਬੂਰ ਹਨ। ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਡੇਢ ਮਹੀਨੇ ਤੋਂ ਅਧਿਆਪਨ ਅਤੇ ਖੋਜਕਾਰੀ ਗਤੀਵਿਧੀਆਂ ਬੰਦ ਹਨ ਪਰ ਸਰਕਾਰ ਦੇ ਸਿਰ ’ਤੇ ਜੂੰ ਵੀ ਨਹੀਂ ਸਿਰਕ ਰਹੀ। ਪੂਟਾ ਆਗੂਆਂ ਨੇ ਆਖਿਆ ਕਿ ਅਧਿਆਪਕ ਆਪਣੀਆਂ ਮੰਗਾਂ ਨੂੰ ਮੰਨਵਾਉਣ ਲਈ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ।