ਰਵੇਲ ਸਿੰਘ ਭਿੰਡਰ
ਪਟਿਆਲਾ, 20 ਨਵੰਬਰ
ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਵਿੱਤੀ ਸੰਕਟ ’ਤੇ ਗੰਭੀਰ ਨਾ ਹੋਣ ’ਤੇ ਯੂਨੀਵਰਸਿਟੀ ਹਿਤੈਸ਼ੀ ਧਿਰਾਂ ਸਰਕਾਰ ਖ਼ਿਲਾਫ਼ ਖੁੱਲ੍ਹ ਕੇ ਨਿਤਰਨ ਲੱਗੀਆਂ ਹਨ। ਚਿੰਤਕਾਂ ਤੇ ਰਾਜਸੀ ਧਿਰਾਂ ਦਾ ਕਹਿਣਾ ਹੈ ਕਿ ਪੰਜਾਬੀ ਯੂਨੀਵਰਸਿਟੀ ਮਾਲਵੇ ਖੇਤਰ ਦੀ ਅਕਾਦਮਿਕ ਪੱਖੋਂ ਅਹਿਮ ਧਰੋਹਰ ਹੈ, ਜਿਸ ਨੂੰ ਬਚਾਉਣਾਂ ਜ਼ਰੂਰੀ ਹੈ। ਪੰਜਾਬੀ ਬੋਲੀ ਦੇ ਨਾਂ ’ਤੇ ਬਣੀ ਦੇਸ ਦੀ ਪਹਿਲੀ ਇਸ ਯੂਨੀਵਰਸਿਟੀ ਨੂੰ ਕਿਤੋਂ ਵੀ ਆਂਚ ਨਹੀਂ ਆਉਣੀ ਚਾਹੀਦੀ। ਯੂਨੀਵਰਸਿਟੀ ਦੀ ਮਾੜੀ ਵਿੱਤੀ ਹਾਲਤ ਕਾਰਨ ਵਾਈਸ ਚਾਂਸਲਰ ਨੂੰ ਅਸਤੀਫਾ ਦੇਣ ਲਈ ਮਜਬੂਰ ਹੋਣਾ ਪੈ ਗਿਆ ਹੈ। ਯੂਨੀਵਰਸਿਟੀ ਪ੍ਰਤੀ ਹਿਤੈਸ਼ੀ ਧਿਰਾਂ ਨੇ ਸਰਕਾਰ ਨੂੰ ਖੁੱਲ੍ਹ ਕੇ ਘੇਰਨਾ ਆਰੰਭ ਦਿੱਤਾ ਹੈ। ਖਾਸ ਕਰਕੇ ਵਾਸਤਾ ਪਾਇਆ ਕਿ ਯੂਨੀਵਰਸਿਟੀ ਦਾ ਨਾਂ ਪੰਜਾਬੀ ਮਾਂ ਬੋਲੀ ਨਾਲ ਜੁੜਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਬੋਲੀ ਦੇ ਆਧਾਰ ’ਤੇ ਪੰਜਾਬੀ ਯੂਨੀਵਰਸਿਟੀ ਨੂੰ ਦੁਨੀਆਂ ਦੀ ਦੂਜੀ ਤੇ ਭਾਰਤ ਦੀ ਪਹਿਲੀ ਯੂਨੀਵਰਸਿਟੀ ਹੋਣ ਦਾ ਮਾਣ ਹਾਸਲ ਹੈ, ਅਜਿਹੇ ’ਚ ਯੂਨੀਵਰਸਿਟੀ ਦੇ ਕਿਸੇ ਵੀ ਸੰਕਟ ਨਾਲ ਮਾਂ ਬੋਲੀ ਪੰਜਾਬੀ ਦਾ ਵੀ ਸਰੋਕਾਰ ਹੈ। ਸ਼੍ਰੋਮਣੀ ਅਕਾਲੀ ਦਲ ‘ਬ’ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਤੇ ਪਟਿਆਲਾ ਦਿਹਾਤੀ ਦੇ ਅਕਾਲੀ ਦਲ ਦੇ ਹਲਕਾ ਇੰਚਾਰਜ ਐਡਵੋਕੇਟ ਸਤਬੀਰ ਸਿੰਘ ਖੱਟੜਾ, ਸੈਰ ਸਪਾਟਾ ਨਿਗਮ ਦੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਤੇ ਭਾਜਪਾ ਦੇ ਸੂਬਾ ਆਗੂ ਗੁਰਤੇਜ ਸਿੰਘ ਢਿੱਲੋਂ ਨੇ ਯੂਨੀਵਰਸਿਟੀ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਦਿਆਂ ਕੈਪਟਨ ਸਰਕਾਰ ਨੂੰ ਪਟਿਆਲਾ ਹੀ ਨਹੀਂ ਬਲਕਿ ਮਾਲਵੇ ਖੇਤਰ ਦੀ ਵਿਦਿਅਕ ਧਰੋਹਰ ਨੂੰ ਸਮਾਂ ਰਹਿੰਦਿਆਂ ਬਚਾਉਣ ਦੀ ਲੋੜ ’ਤੇ ਜ਼ੋਰ ਦਿੱਤਾ।
ਸਰਕਾਰ ਨਾ ਜਾਗੀ ਤਾਂ ਖ਼ਤਮ ਹੋ ਜਾਵੇਗੀ ਪੰਜਾਬੀ ਯੂਨੀਵਰਸਿਟੀ: ਸੰਧੂ
ਪਟਿਆਲਾ (ਸਰਬਜੀਤ ਸਿੰਘ ਭੰਗੂ) ਐੱਸ.ਐੱਸ. ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਤੇ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਦੇ ਸੀਨੀਅਰ ਆਗੂ ਤੇਜਿੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬੀ ਯੂਨੀਵਰਸਿਟੀ ਨੂੰ ਬਚਾਉਣ ਲਈ ਗੰਭੀਰ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬੀ ਮਾਂ ਬੋਲੀ ਦੇ ਨਾਂ ’ਤੇ ਬਣੀ ਇਸ ਯੁਨੀਵਰਸਿਟੀ ਨੂੰ ਸਥਾਪਿਤ ਕਰਨ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਜ਼ੁਰਗਾਂ ਤੋਂ ਇਲਾਵਾ ਗਿਆਨੀ ਕਰਤਾਰ ਸਿੰਘ ਤੇ ਉਨ੍ਹਾਂ ਦੇ ਪਿਤਾ ਮਰਹੂਮ ਜਸਦੇਵ ਸਿੰਘ ਸੰਧੂ ਨੇ ਅਹਿਮ ਭੂਮਿਕਾ ਨਿਭਾਈ ਸੀ, ਪਰ ਅੱਜ ਇਸ ਯੂਨੀਵਰਸਿਟੀ ਦਾ ਵਜੂਦ ਮਿਟਦਾ ਜਾ ਰਿਹਾ ਹੈ। ਇਥੇ ਜਾਰੀ ਬਿਆਨ ਰਾਹੀਂ ਸ੍ਰੀ ਸੰਧੂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਵਿੱਤੀ ਸੰਕਟ ’ਚ ਘਿਰੀ ਇਸ ਯੂਨੀਵਰਸਿਟੀ ਨੂੰ ਬਚਾਉਣ ਲਈ ਤੁਰੰਤ ਲੋੜੀਂਦੇ ਫ਼ੰਡ ਜਾਰੀ ਕਰੇ।