ਖੇਤਰੀ ਪ੍ਰਤੀਨਿਧ
ਪਟਿਆਲਾ, 9 ਫਰਵਰੀ
ਪੰਜਾਬੀ ਯੂਨੀਵਰਸਿਟੀ ਆਈਆਈਆਈਟੀ ਹੈਦਰਾਬਾਦ, ਆਈਆਈਟੀ ਦਿੱਲੀ, ਆਈਆਈਟੀ ਬੰਬੇ, ਆਈਆਈਟੀ ਜੋਧਪੁਰ ਤੇ ਸੀ-ਡੈਕ ਨੋਇਡਾ ਨਾਲ ਮਿਲ ਕੇ ਭਾਰਤੀ ਭਾਸ਼ਾਵਾਂ ਲਈ ਆਪਟੀਕਲ ਕਰੈਕਟਰ ਰਿਕੋਗਨੀਸ਼ਨ (ਓਸੀਆਰ) ਪ੍ਰਾਜੈਕਟ ’ਤੇ ਕੰਮ ਕਰੇਗੀ। ਪ੍ਰਾਜੈਕਟ ਦੀ ਅਗਵਾਈ ਆਈਆਈਆਈਟੀ ਹੈਦਰਾਬਾਦ ਕਰ ਰਿਹਾ ਹੈ। ਓਸੀਆਰ ਤੇ ਐਪਲੀਕੇਸ਼ਨਜ਼’ ਸਿਰਲੇਖ ਵਾਲੇ ਇਸ ਪ੍ਰਾਜੈਕਟ ਦੀ ਕੁੱਲ ਲਾਗਤ 14.70 ਕਰੋੜ ਹੈ, ਜੋ ਭਾਰਤ ਦੇ ਇਲੈਕਟ੍ਰੋਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਵੱਲੋਂ ਗ੍ਰਾਂਟ-ਇਨ-ਏਡ ਵਜੋਂ ਤਿੰਨ ਸਾਲਾਂ ’ਚ ਪੂਰਾ ਕਰਨ ਲਈ ਦਿੱਤੀ ਜਾਣੀ ਹੈ। ਇਹ ਪ੍ਰਾਜੈਕਟ ਨੈਸ਼ਨਲ ਲੈਂਗੂਏਜ ਟ੍ਰਾਂਸਲੇਸ਼ਨ ਮਿਸ਼ਨ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਮੁੱਖ ਭਾਰਤੀ ਭਾਸ਼ਾਵਾਂ ’ਚ ਗਵਰਨੈਂਸ ਤੇ ਪਾਲਿਸੀ ਸਬੰਧੀ ਗਿਆਨ ਨੂੰ ਉਪਲਬਧ ਕਰਵਾਉਣ ਲਈ ਸਪੀਚ ਟੂ ਸਪੀਚ ਮਸ਼ੀਨੀ ਅਨੁਵਾਦ ਪ੍ਰਣਾਲੀ ਬਣਾਉਣਾ ਹੈ ਤੇ ਅਧਿਆਪਨ ਤੇ ਖੋਜ ਸਮਗਰੀ ਨੂੰ ਅੰਗਰੇਜ਼ੀ ਤੇ ਭਾਰਤੀਆਂ ਦੀ ਕਿਸੇ ਇੱਕ ਮਾਤ ਭਾਸ਼ਾ ਭਾਵ ਦੋ-ਭਾਸਾਈ ਰੂਪ ’ਚ ਪਹੁੰਚ ਯੋਗ ਬਣਾਉਣਾ ਹੈ। ਪੰਜਾਬੀ ਦੇ ਤਕਨੀਕੀ ਵਿਕਾਸ ਖੋਜ ਕੇਂਦਰ ਦੇ ਡਾਇਰੈਕਟਰ ਤੇ ਪ੍ਰਾਜੈਕਟ ਦੇ ਕੋ-ਕੋਆਰਡੀਨੇਟਰ ਡਾ. ਗੁਰਪ੍ਰੀਤ ਸਿੰਘ ਲਹਿਲ ਦੇ ਮੁਤਾਬਕ, ਪ੍ਰਾਜੈਕਟ ਦਾ ਮੁੱਖ ਉਦੇਸ਼ ਸਾਰੀਆਂ 22 ਅਨੁਸੂਚਿਤ ਭਾਰਤੀ ਭਾਸ਼ਾਵਾਂ ਲਈ ਪ੍ਰਿੰਟਿਡ, ਹੱਥ-ਲਿਖਿਤ ਤੇ ਕੈਮਰੇ ਦੁਆਰਾ ਬਾਹਰ ਖਿੱਚੀਆਂ ਤਸਵੀਰਾਂ ਲਈ ਉੱਚ ਸ਼ੁੱਧਤਾ ਨਾਲ ਪਛਾਣ ਕਰਨ ਵਾਲੇ ਸਾਫ਼ਟਵੇਅਰ ਦਾ ਵਿਕਾਸ ਕਰਨਾ ਹੈ।