ਰਵੇਲ ਸਿੰਘ ਭਿੰਡਰ
ਪਟਿਆਲਾ, 21 ਜਨਵਰੀ
ਕੋਵਿਡ-19 ਦੇ ਮੱਦੇਨਜ਼ਰ ਪੰਜਾਬ ਰਾਜ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਮੁੜ ਤੋਂ ਖੋਲ੍ਹਣ ਲਈ ਜਾਰੀ ਨਵੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਵੀ ਅੱਜ ਤੋਂ ਹੋਸਟਲ ਖੋਲ੍ਹ ਦਿੱਤੇ ਗਏ ਹਨ। ਡੀਨ ਅਕਾਦਮਿਕ ਮਾਮਲੇ ਡਾ. ਅੰਮਿ੍ਤਪਾਲ ਕੌਰ ਅਤੇ ਪ੍ਰੋਵੋਸਟ ਡਾ. ਅਜੀਤਾ ਵੱਲੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਂ ਨੂੰ ਹੋਸਟਲਾਂ ਵਿੱਚ ਰਿਹਾਇਸ਼ ਮੈਰਿਟ ਦੇ ਆਧਾਰ ਉੱਤੇ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਹੋਸਟਲਾਂ ਨੂੰ ਖੋਲ੍ਹਣ ਸਬੰਧੀ ਵੱਖ-ਵੱਖ ਵਿਦਿਆਰਥੀ ਧਿਰਾਂ ਕਈ ਦਿਨਾਂ ਤੋਂ ਸੰਘਰਸ਼ ਦੇ ਰਾਹ ਪਈਆਂ ਹੋਈਆਂ ਸਨ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਉਪਰਲੀਆਂ ਕਲਾਸਾਂ ਦੇ ਵਿਦਿਆਰਥੀਆਂ ਲਈ ਹੋਸਟਲ ਖੋਲ੍ਹੇ ਗਏ ਸਨ। ਯੂਨੀਵਰਸਿਟੀ ਪ੍ਰਸ਼ਾਸਨ ਦੇ ਅਜਿਹੇ ਫੈਸਲੇ ਨਾਲ ਯੂਨੀਵਰਸਿਟੀ ਕੈਂਪਸ ਵਿੱਚ ਮੁੜ ਰੌਣਕ ਪਰਤੇਗੀ। ਯੂਨੀਵਰਸਿਟੀ ਦੇ ਅੱਜ ਦੇ ਫੈਸਲੇ ਮਗਰੋਂ ਵਿਦਿਆਰਥੀ ਸੰਘਰਸ਼ਾਂ ਨੂੰ ਕੁੱਝ ਵਿਸ਼ਰਾਮ ਲੱਗਿਆ ਹੈ। ਉਧਰ ਪੰਜਾਬੀ ਯੂਨੀਵਰਸਿਟੀ ਗੈਰਅਧਿਆਪਨ ਬੀ ਤੇ ਸੀ ਸੰਘ ਵੱਲੋਂ ਮੁਲਾਜ਼ਮਾਂ ਦੀ ਛਾਂਟੀ ਦੇ ਵਿਰੋਧ ਵਿੱਚ ਪਿਛਲੇ ਕਈ ਦਿਨਾਂ ਵਾਂਗ ਅੱਜ ਵੀ ਕੈਂਪਸ ’ਚ ਸੰਘਰਸ਼ ਮਘਾਈ ਰੱਖਿਆ ਤੇ ਰਜਿਸਟਰਾਰ ਦਫਤਰ ਦੇ ਅੱਗੇ ਰੋਸ ਰੈਲੀ ਵੀ ਕੀਤੀ ਜਿਸ ਵਿੱਚ ਵੱਡੀ ਗਿਣਤੀ ’ਚ ਬੀ ਤੇ ਸੀ ਆਧਾਰਤ ਗੈਰਅਧਿਆਪਨ ਅਮਲੇ ਨੇ ਸ਼ਮੂਲੀਅਤ ਕੀਤੀ।
ਪੂਟਾ ਵੱਲੋਂ 25 ਨੂੰ ਕਲਮ ਛੋੜ ਹੜਤਾਲ ਦਾ ਐਲਾਨ
ਪਟਿਆਲਾ (ਨਿਜੀ ਪੱਤਰ ਪ੍ਰੇਰਕ): ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ (ਪੂਟਾ) ਵੱਲੋਂ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਜਾਰੀ ਸੰਘਰਸ਼ ਦੇ ਅਗਲੇ ਪੜਾਅ ਦੀ ਰੂਪ ਰੇਖਾ ਅਤੇ ਯੂਨੀਵਰਸਿਟੀ ਦੀ ਵਰਤਮਾਨ ਸਥਿਤੀ ਨੂੰ ਵਿਚਾਰਨ ਲਈ ਅੱਜ ਕਾਰਜਕਾਰਨੀ ਦੀ ਅਹਿਮ ਇਕੱਤਰਤਾ ਕੀਤੀ ਗਈ। ਬੈਠਕ ਦੌਰਾਨ ਮੰਗਾਂ ਦੀ ਪੂਰਤੀ ਲਈ 25 ਜਨਵਰੀ ਮਗਰੋਂ ਕਲਮ ਛੋੜ ਹੜਤਾਲ ਕਰਨ ਦਾ ਵੀ ਫੈਸਲਾ ਲਿਆ ਗਿਆ। ਪੂਟਾ ਪ੍ਰਧਾਨ ਡਾ. ਨਿਸ਼ਾਨ ਸਿੰਘ ਦਿਓਲ ਅਤੇ ਸਕੱਤਰ ਡਾ. ਅਵਨੀਤ ਪਾਲ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਪ੍ਰਸ਼ਾਸ਼ਨ ਵੱਲੋਂ ਦਸਵੇਂ ਗੂਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਮੌਕੇ ਟੀਚਿੰਗ ਵਿਭਾਗਾਂ ਵਿੱਚ ਛੁੱਟੀ ਨਾ ਕਰਨਾ ਬਹੁਤ ਮੰਦਭਾਗਾ ਹੈ।