ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 1 ਅਗਸਤ
ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਖ਼ਿਰ ਪਬਲੀਕੇਸ਼ਨ ਬਿਊਰੋ ਦੀ ਪਬਲੀਕੇਸ਼ਨ ਨੀਤੀ ਬਣਾਉਣ ਲਈ ਚਾਰਾਜੋਈ ਆਰੰਭ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਕਾਰਜ ਲਈ ਕਮੇਟੀ ਬਣਾਉਣ ਵਾਸਤੇ ਵਾਈਸ ਚਾਂਸਲਰ ਕੋਲੋਂ ਪ੍ਰਵਾਨਗੀ ਮੰਗੀ ਗਈ ਹੈ। ਉਧਰ ਬਿਊਰੋ ਦੀਆਂ ਕਿਤਾਬਾਂ ਨੂੰ ਕੰਪਿਊਟਰੀਕਰਨ ਵਿਧਾ ’ਚ ਬੰਨ੍ਹਣ ਲਈ ਯੂਨੀਵਰਸਿਟੀ ਵੱਲੋਂ ਤਿੰਨ ਮੈਂਬਰੀ ਕਮੇਟੀ ਵੀ ਬਣਾਈ ਗਈ ਹੈ। ਭਾਵੇਂ ਪੰਜਾਬੀ ਯੂਨੀਵਰਸਿਟੀ ਭਾਸ਼ਾ ਦੇ ਲਿਹਾਜ਼ ਤੋਂ ਵਿਸ਼ਵ ਦੀ ਦੂਜੀ ਤੇ ਪੰਜਾਬੀ ਭਾਸ਼ਾ ਪੱਖੋਂ ਦੁਨੀਆਂ ਦੀ ਪਹਿਲੀ ਯੂਨੀਵਰਸਿਟੀ ਹੈ, ਪਰ ਇਸ ਯੂਨੀਵਰਸਿਟੀ ਕੋਲ ਹਾਲੇ ਤਾਈਂ ਪਬਲੀਕੇਸ਼ਨ ਪਾਲਿਸੀ ਦੀ ਵੱਡੀ ਅਣਹੋਂਦ ਬਣੀ ਹੋਈ ਸੀ। ਜਿਸ ਕਾਰਨ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਨੂੰ ਆਧੁਨਿਕ ਦੌਰ ’ਚ ਹੋਰ ਅੱਗੇ ਵਧਣ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਹ ਵੀ ਨੀਤੀ ਨਹੀਂ ਸੀ ਕਿ ਕਿਹੜੀਆਂ ਕਿਤਾਬਾਂ ਨੂੰ ਪਹਿਲ ਦੇ ਆਧਾਰ ’ਤੇ ਛਾਪਿਆ ਜਾਵੇ ਜਾਂ ਕਿਤਾਬਾਂ ਛਾਪਣ ਦਾ ਮੂਲ ਸਿਧਾਂਤ ਕੀ ਅਪਣਾਇਆ ਜਾਵੇ। ਪਬਲੀਕੇਸ਼ਨ ਬਿਊਰੋ ਦੇ ਮੁਖੀ ਡਾ. ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਬਿਊਰੋ ਨੂੰ ਦਰਪੇਸ਼ ਦਿੱਕਤਾਂ ਤੋਂ ਪੱਕੇ ਤੌਰ ’ਤੇ ਬਾਹਰ ਕੱਢਣ ਲਈ ਵਿਧੀਬੱਧ ਹੰਭਲਾ ਮਾਰਿਆ ਜਾ ਰਿਹਾ ਹੈ। ਜਿਸ ਸਬੰਧੀ ਬਿਊਰੋ ਵੱਲੋਂ ਵਾਈਸ ਚਾਂਸਲਰ ਡਾ. ਅਰਵਿੰਦ ਕੋਲੋਂ ਪਬਲੀਕੇਸ਼ਨ ਨੀਤੀ ਬਣਾਉਣ ਲਈ ਕਮੇਟੀ ਗਠਿਤ ਕਰਨ ਵਾਸਤੇ ਪ੍ਰਵਾਨਗੀ ਮੰਗੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪਬਲੀਕੇਸ਼ਨ ਬਿਊਰੋ ਦੇ ਸਮੁੱਚੇ ਅਮਲ ਨੂੰ ਕੰਪਿਊਟਰ ਨਾਲ ਜੋੜਨ ਲਈ ਵਾਈਸ ਚਾਂਸਲਰ ਵੱਲੋਂ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ, ਜਿਸ ’ਚ ਮੁਖੀ ਵਜੋਂ ਡਾ. ਵਿਸ਼ਾਲ ਗੋਇਲ ਤੇ ਡਾ. ਅਮਿਤ ਮਿੱਤਲ ਸਮੇਤ ਇੱਕ ਹੋਰ ਸਖਸ਼ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪਬਲੀਕੇਸ਼ਨ ਬਿਊਰੋ ਦੀਆਂ ਕਿਤਾਬਾਂ ਦੀ ਵੇਚ ਵੱਟਕ ਤੇ ਰਜਿਸਟ੍ਰੇਸ਼ਨ ਆਦਿ ਮੈਨੁਅਲ ਵਿਧੀ ਹੇਠ ਚੱਲ ਰਹੀ ਸੀ, ਜਦਕਿ ਕੰਪਿਊਟਰੀਕਰਨ ਹੋਣ ਮਗਰੋਂ ਕਿਤਾਬਾਂ ਦੀ ਵੇਚ ਵੱਟਕ ਆਨਲਾਈਨ ਵਿਧੀ ਰਾਹੀਂ ਹੋ ਸਕੇਗੀ।