ਪੱਤਰ ਪ੍ਰੇਰਕ
ਪਟਿਆਲਾ, 22 ਫਰਵਰੀ
ਕਿੱਟ ਯੂਨੀਵਰਸਿਟੀ, ਭੁਵਨੇਸ਼ਵਰ ਵੱਲੋਂ 21 ਤੋਂ 24 ਫਰਵਰੀ ਤੱਕ ਕਰਵਾਏ ਜਾ ਰਹੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਅਥਲੈਟਿਕਸ ਮਹਿਲਾ ਮੁਕਾਬਲਿਆਂ ਵਿਚ ਪੰਜਾਬੀ ਯੂਨੀਵਰਸਿਟੀ ਦੀਆਂ ਅਥਲੀਟਾਂ ਨੇ 20 ਕਿੱਲੋਮੀਟਰ ਵਾਕ ਦੌੜ ਵਿਚ ਗੋਲਡ ਅਤੇ ਕਾਂਸੀ ਮੈਡਲ ਦੇ ਨਾਲ ਚੌਥਾ ਸਥਾਨ ਹਾਸਲ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ। ਅਥਲੀਟ ਬਲਜੀਤ ਨੇ ਗੋਲਡ ਮੈਡਲ ਪਾਇਲ ਨੇ ਕਾਂਸੀ ਮੈਡਲ ਪ੍ਰਾਪਤ ਕੀਤਾ। ਇਸੇ ਤਰ੍ਹਾਂ ਇਕ ਹੋਰ ਅਥਲੀਟ ਜਯੋਤੀ ਨੇ ਚੌਥਾ ਸਥਾਨ ਹਾਸਲ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ’ਵਰਸਿਟੀ ਦੀ ਇਕ ਹੋਰ ਅਥਲੀਟ ਸ਼ੈਲੀ ਧਾਮਾ ਨੇ 3000 ਮੀਟਰ ਸਟੀਪਲਚੇਜ਼ ਦੌੜ ਵਿਚ ਕਾਂਸੀ ਮੈਡਲ ਜਿੱਤਿਆ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਅਤੇ ਡਾਇਰੈਕਟਰ ਸਪੋਰਟਸ ਡਾ. ਗੁਰਦੀਪ ਕੌਰ ਰੰਧਾਵਾ ਵੱਲੋਂ ਖਿਡਾਰਨਾਂ ਕੋਚ ਧਰਮਿੰਦਰਪਾਲ ਸਿੰਘ, ਗੁਰਦੇਵ ਸਿੰਘ, ਹਰਭਜਨ ਸਿੰਘ ਸੰਧੂ ਅਤੇ ਮੈਨੇਜਰ ਮਿਸ ਭੁਪਿੰਦਰ ਕੌਰ ਨੂੰ ਵਿਸ਼ੇਸ਼ ਤੌਰ ਤੇ ਮੁਬਾਰਕਬਾਦ ਦਿੱਤੀ ਗਈ ਵਿਭਾਗ ਦੇ ਸਹਾਇਕ ਡਾਇਰੈਕਟਰ ਮਹਿੰਦਰਪਾਲ ਕੌਰ ਤੇ ਡਾ. ਦਲਬੀਰ ਸਿੰਘ ਅਤੇ ਸਮੂਹ ਖੇਡ ਵਿਭਾਗ ਵੱਲੋਂ ਜੇਤੂ ਖਿਡਾਰਨਾਂ ਅਤੇ ਟੀਮ ਨੂੰ ਵਧਾਈ ਦਿੱਤੀ ਗਈ।