ਰਵੇਲ ਸਿੰਘ ਭਿੰਡਰ
ਪਟਿਆਲਾ, 5 ਦਸੰਬਰ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਰਵਨੀਤ ਕੌਰ ਵੱਲੋਂ ਅਕਾਦਮਿਕ ਕੈਲੰਡਰ ਦੇ ਸ਼ਡਿਊਲ ਅਤੇ ਪ੍ਰੀਖਿਆਵਾਂ ਸਬੰਧੀ ਵਿਸ਼ੇਸ਼ ਮੀਟਿੰਗ ਸੱਦੀ ਗਈ। ਕੋਵਿਡ-19 ਕਾਰਨ ਪੈਦਾ ਹੋਈਆਂ ਸਥਿਤੀਆਂ ਦੇ ਮੱਦੇਨਜ਼ਰ ਯੂਨੀਵਰਸਿਟੀ ਵੱਲੋਂ ਅਕਾਦਮਿਕ ਸ਼ਡਿਊਲ ਸਬੰਧੀ ਵੱਖ-ਵੱਖ ਫੈਸਲੇ ਲਏ ਗਏ। ਇਸ ਦੌਰਾਨ ਸਿਲੇਬਸ ਪੂਰਾ ਕਰਵਾਉਣ ਲਈ ਛੁੱਟੀ ਵਾਲੇ ਦਿਨ ਵੀ ਕਲਾਸਾਂ ਲਾਉਣ ਦਾ ਅਹਿਮ ਫ਼ੈਸਲਾ ਵੀ ਲਿਆ ਗਿਆ।
ਮੀਟਿੰਗ ਵਿੱਚ ਡੀਨ (ਅਕਾਦਮਿਕ ਮਾਮਲੇ) ਡਾ. ਅੰਮ੍ਰਿਤਪਾਲ ਕੌਰ, ਡੀਨ (ਰਿਸਰਚ) ਡਾ. ਜੀ.ਐਸ. ਬੱਤਰਾ, ਰਜਿਸਟਰਾਰ ਡਾ. ਡੀ.ਐੱਸ. ਸਿੱਧੂ, ਡਾਇਰੈਕਟਰ (ਸਪੋਰਟਸ), ਡਾਇਰੈਕਟਰ (ਯੁਵਕ ਭਲਾਈ ਵਿਭਾਗ), ਕੰਪਿਊਟਰ ਸੈਂਟਰ ਦੇ ਡਾਇਰੈਕਟਰ, ਕੇਂਦਰੀ ਦਾਖਲਾ ਸੈੱਲ ਦੇ ਕੋਆਰਡੀਨੇਟਰ ਅਤੇ ਵੱਖ-ਵੱਖ ਫੈਕਲਟੀਜ਼ ਦੇ ਡੀਨਜ਼ ਵੱਲੋਂ ਸ਼ਮੂਲੀਅਤ ਕੀਤੀ ਗਈ। ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਅਕਾਦਮਿਕ ਸ਼ਡਿਊਲ ਮੁਤਾਬਕ ਅਗਲਾ ਸਮੈਸਟਰ 26 ਮਾਰਚ 2021 ਤੱਕ ਪੂਰਾ ਕਰਨ ਹਿੱਤ ਛੁੱਟੀਆਂ ਵਾਲੇ ਦਿਨਾਂ ਵਿੱਚ ਕਲਾਸਾਂ ਲਗਾ ਕੇ ਸਿਲੇਬਸ ਪੂਰਾ ਕੀਤਾ ਜਾਵੇਗਾ। ਇੰਟਰਮੀਡੀਏਟ ਕਲਾਸਾਂ ਦੇ ਟਾਂਕ (ਔਡ) ਸੰਖਿਆ ਵਾਲੇ ਸਮੈਸਟਰ ਜੋ 9 ਦਸੰਬਰ 2020 ਨੂੰ ਖ਼ਤਮ ਹੋ ਰਹੇ ਹਨ, ਦੀਆਂ ਪ੍ਰੀਖਿਆਵਾਂ 15.12.2020 ਤੋਂ ਸ਼ੁਰੂ ਹੋਣੀਆਂ ਹਨ। ਇਹ ਪ੍ਰੀਖਿਆਵਾਂ ਕੋਵਿਡ-19 ਦੀ ਸਥਿਤੀ ਦੇ ਮੱਦੇਨਜ਼ਰ ਪੈਦਾ ਹੋਏ ਹਾਲਾਤ ਕਾਰਨ ਆਨਲਾਈਨ ਮੋਡ ਵਿੱਚ ਹੀ ਹੋਣਗੀਆਂ ਅਤੇ ਇਸ ਸਬੰਧੀ ਹਦਾਇਤਾਂ ਮਈ-2020 ਵਿੱਚ ਹੋਈਆਂ ਆਨਲਾਈਨ ਪ੍ਰੀਖਿਆਵਾਂ ਵਾਲੀਆਂ ਹੀ ਰਹਿਣਗੀਆਂ।
ਡਿਸਟੈਂਸ ਐਜੂਕੇਸ਼ਨ ਵਿਭਾਗ ਵਿੱਚ ਚੱਲ ਰਹੇ ਕੋਰਸਾਂ ਦੀ ਡੇਟਸ਼ੀਟ ਯੂਨੀਵਰਸਿਟੀ ਕੈਂਪਸ ਦੇ ਬਾਕੀ ਵਿਭਾਗਾਂ ਵਿੱਚ ਚੱਲ ਰਹੇ ਕੋਰਸਾਂ ਨਾਲ ਇੰਟੀਗ੍ਰੇਟ ਕਰਦੇ ਹੋਏ 20 ਦਸੰਬਰ 2020 ਤੋਂ ਸ਼ੁਰੂ ਹੋਵੇਗੀ। ਪ੍ਰੈਕਟੀਕਲ ਪੇਪਰ, ਥਿਊਰੀ ਪੇਪਰਾਂ ਤੋਂ ਬਾਅਦ ਕਰਵਾਏ ਜਾਣਗੇ। ਯੂਨੀਵਰਸਿਟੀ ਕੈਂਪਸ/ਰਿਜਨਲ ਸੈਂਟਰ/ਨੇਬਰਹੁੱਡ ਕੈਂਪਸ ਅਤੇ ਕਾਲਜਾਂ ਦੇ ਪ੍ਰੈਕਟੀਕਲ ਪੇਪਰ ਮੁਖੀ/ ਇੰਚਾਰਜ/ ਪ੍ਰਿੰਸੀਪਲ ਕਰਵਾਉਣਗੇ। ਰੀਵੈਲਿਊਏਸ਼ਨ /ਰੀਅਪੀਅਰ ਵਾਲੇ ਵਿਦਿਆਰਥੀ 16 ਦਸੰਬਰ 2020 ਤੱਕ ਅਪਲਾਈ ਕਰਨਗੇ ਅਤੇ ਇਨ੍ਹਾਂ ਦੇ ਪੇਪਰ ਕਰਵਾਉਣ ਲਈ ਡੇਟਸ਼ੀਟ 20 ਦਸੰਬਰ ਨੂੰ ਜਾਰੀ ਹੋਵੇਗੀ। ਯੂਨੀਵਰਸਿਟੀ ਦੀ ਦਾਖਲਾ ਪ੍ਰੀਕਿਰਿਆ 11 ਦਸੰਬਰ ਤੱਕ ਮੁਕੰਮਲ ਹੋ ਜਾਵੇਗੀ। ਪੋਸਟ ਗ੍ਰੈਜੂਏਟ ਕੋਰਸਾਂ ਦੀਆਂ ਕਲਾਸਾਂ 3 ਦਸੰਬਰ 2020 ਤੋਂ ਸ਼ੁਰੂ ਹੋ ਚੱਕੀਆਂ ਹਨ। ਐੱਮ.ਫਿਲ/ਪੀਐੱਚ.ਡੀ ਦੀ ਪ੍ਰਵੇਸ਼ ਪ੍ਰੀਖਿਆ 5 ਜਨਵਰੀ ਤੋਂ ਆਫ਼-ਲਾਈਨ ਮੋਡ ’ਚ ਕਰਵਾਈ ਜਾਵੇਗੀ। ਵਾਈਸ ਚਾਂਸਲਰ ਨੇ ਰਜਿਸਟਰਾਰ ਦਫ਼ਤਰ, ਡੀਨ (ਅਕਾਦਮਿਕ ਮਾਮਲੇ) ਦਫਤਰ, ਲੇਖਾ ਸ਼ਾਖਾ ਤੇ ਅਮਲਾ ਸ਼ਾਖਾ ਦਾ ਦੌਰਾ ਕੀਤਾ।