ਰਵੇਲ ਸਿੰਘ ਭਿੰਡਰ
ਪਟਿਆਲਾ, 15 ਦਸੰਬਰ
ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਦੋ ਪੀਐੱਚਡੀ ਖੋਜਾਰਥੀਆਂ ਨੇ ਲੈਂਗੂਏਜ ਆਈਡੈਂਟੀਫਿਕੇਸ਼ਨ ਐਂਡ ਸੈਂਟੀਮੈਂਟ ਐਨਾਲਸਿਸ ਟੂਲ ਬਣਾਇਆ ਹੈ, ਜੋ ਸੋਸ਼ਲ ਮੀਡੀਆ ’ਤੇ ਲਿਖਤ ਪੰਜਾਬੀ ਦੇ ਨਾਲ-ਨਾਲ ਰੋਮਨਾਈਜ਼ਡ ਪੰਜਾਬੀ ਅਤੇ ਇੰਗਲਿਸ਼ ਡਾਟਾ ਦਾ ਭਾਵਨਾਤਮਕ ਮੁਲਾਂਕਣ ਕਰਨ ਦੀ ਸਮਰੱਥਾ ਰੱਖਦਾ ਹੈ। ਪਿਛਲੇ ਕੁਝ ਸਾਲਾਂ ਤੋਂ ਸ਼ਹਿਰਾਂ ਤੇ ਪਿੰਡਾਂ ਦੇ ਲੋਕਾਂ ਦਾ ਫੇਸਬੁੱਕ, ਟਵਿੱਟਰ, ਵਾਟਸ-ਐਪ ਆਦਿ ਸੋਸ਼ਲ ਮੀਡੀਆ ਉੱਪਰ ਕਾਫੀ ਰੁਝਾਨ ਦੇਖਿਆ ਗਿਆ ਹੈ। ਉਹ ਆਪਣੇ ਵਿਚਾਰ ਆਪਣੀ ਖੇਤਰੀ ਭਾਸ਼ਾ ਵਿਚ ਸਾਂਝੇ ਕਰਦੇ ਹਨ ਜੋ ਕਿ ਇੰਗਲਿਸ਼, ਪੰਜਾਬੀ ਤੇ ਰੋਮਨਾਈਜ਼ਡ ਪੰਜਾਬੀ ਵਿਚ ਟਾਈਪ ਕੀਤੇ ਜਾਂਦੇ ਹਨ। ਇਸ ਦੇ ਮੱਦੇਨਜ਼ਰ ਪ੍ਰੋਫੈਸਰ ਵਿਸ਼ਾਲ ਗੋਇਲ ਨੇ ਇਸ ਸਾਫ਼ਟਵੇਅਰ ਦਾ ਜ਼ਿੰਮਾ ਸਾਲ 2016 ਵਿੱਚ ਲਿਆ ਸੀ। ਕਾਲਜ ਆਫ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਰਾਮਪੁਰਾ ਫੂਲ ਦੀ ਸਹਾਇਕ ਪ੍ਰੋਫੈਸਰ ਨੀਤਿਕਾ ਬਾਂਸਲ ਅਤੇ ਪਿੰਡ ਸੰਤੋਖ ਸਿੰਘ ਵਾਲਾ (ਫਾਜ਼ਲਿਕਾ) ਵਾਸੀ ਮੁਖ਼ਤਿਆਰ ਸਿੰਘ ਨੇ ਇਸ ਸਾਫ਼ਟਵੇਅਰ ਨੂੰ ਆਪਣੀ ਮਿਹਨਤ ਅਤੇ ਲਗਨ ਨਾਲ ਤਿਆਰ ਕੀਤਾ ਹੈ। ਇਸ ਸਾਫ਼ਟਵੇਅਰ ਨੂੰ ਬਣਾਉਣ ਵਿਚ ਨੀਤਿਕਾ ਬਾਂਸਲ ਨੇ ਸੋਸ਼ਲ ਮੀਡੀਆ ਵਿਚ ਵਰਤੇ ਜਾਣ ਵਾਲੇ ਪੰਜਾਬੀ ਅਤੇ ਅੰਗਰੇਜ਼ੀ ਸ਼ਬਦਾਂ ਦੀ ਪਛਾਣ ਕਰਕੇ ਉਨਾਂ ਦੇ ਸਧਾਰਨੀਕਰਨ ਦਾ ਕੰਮ ਨੇਪਰੇ ਚਾੜ੍ਹਿਆ ਹੈ। ਪੰਜਾਬੀ ਯੂਨੀਵਰਸਿਟੀ ਦੇ ਰੈਗੂਲਰ ਖੋਜਾਰਥੀ ਮੁਖ਼ਤਿਆਰ ਸਿੰਘ ਨੇ ਸੋਸ਼ਲ ਮੀਡੀਆ ਡਾਟਾ ਦੇ ਭਾਵਨਾਤਮਕ ਮੁਲਾਂਕਣ ਦੇ ਕੰਮ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਇਸ ਸਾਫ਼ਟਵੇਅਰ ਵਿਚ 10 ਲੱਖ ਟਵਿੱਟਰ, ਫੇਸਬੁੱਕ ਅਤੇ ਵ੍ਹਾਟਸ-ਐਪ ਪੋਸਟਾਂ ਨੂੰ ਲਿਆ ਗਿਆ ਹੈ।
ਨੀਤਿਕਾ ਬਾਂਸਲ ਨੇ ਇਸ ਸਾਫ਼ਟਵੇਅਰ ਦੀ ਖ਼ਾਸੀਅਤ ਬਾਰੇ ਦੱਸਿਆ ਕਿ ਇਸ ਨੂੰ ਉਹ ਲੋਕ ਵੀ ਆਸਾਨੀ ਨਾਲ ਵਰਤ ਸਕਦੇ ਹਨ ਜਿਨਾਂ ਨੂੰ ਕੰਪਿਊਟਰ ਦਾ ਗਿਆਨ ਨਹੀਂ ਹੈ। ਜਿਨਾਂ ਨੂੰ ਪੰਜਾਬੀ ਭਾਸ਼ਾ ਸਮਝ ਨਹੀਂ ਆਉਂਦੀ, ਅਜਿਹੇ ਵਿਅਕਤੀ ਵੀ ਸਿਰਫ਼ ਇੱਕ ਕਲਿੱਕ ’ਤੇ ਹੀ ਲੈਂਗੂਏਜ਼ ਆਈਡੈਂਟੀਫਿਕੇਸ਼ਨ ਰਾਹੀਂ, ਉਸ ਦਾ ਸਾਧਾਰਨੀਕਰਨ ਕਰਕੇ ਫਿਰ ਪੋਸਟ ਕਰਨ ਵਾਲੇ ਇਨਸਾਨ ਦੀਆਂ ਭਾਵਨਾਵਾਂ ਦਾ ਅੰਦਾਜ਼ਾ ਲਗਾ ਸਕਦੇ ਹਨ।