ਸਰਬਜੀਤ ਸਿੰਘ ਭੰਗੂ
ਪਟਿਆਲਾ 3 ਫਰਵਰੀ
ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸਨ (ਪੂਟਾ) ਵੱਲੋਂ ਦੋ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਅੱਜ ਕੜਾਕੇ ਦੀ ਠੰਢ ਦੇ ਬਾਵਜੂਦ ਵਾਈਸ ਚਾਂਸਲਰ ਦੇ ਦਫਤਰ ਅੱਗੇ ਧਰਨਾ ਦਿੱਤਾ ਗਿਆ। ਇਸ ਦੌਰਾਨ ਪੰਜਾਬ ਸਰਕਾਰ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨੇ ਦੀ ਅਗਵਾਈ ਕਰਦਿਆਂ ਪੂਟਾ ਦੇ ਪ੍ਰਧਾਨ ਡਾ. ਭੁਪਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮਾਂ ਨੂੰ ਦੋ ਮਹੀਨਿਆਂ ਤੋਂ ਕਥਿਤ ਤੌਰ ’ਤੇ ਤਨਖਾਹਾਂ ਦਾ ਭੁਗਤਾਨ ਨਹੀਂ ਕੀਤਾ ਗਿਆ। ਇਸ ਕਾਰਨ ਮੁਲਾਜ਼ਮਾਂ ਅੰਦਰ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਵੱਲੋਂ ਐਲਾਨੀ 20 ਕਰੋੜ ਦੀ ਗਰਾਂਟ ਅਤੇ 150 ਕਰੋੜ ਰੁਪਏ ਦੀ ਕਰਜ਼ਾ ਮੁਆਫ਼ੀ ਮਹਿਜ਼ ਐਲਾਨ ਬਣ ਕੇ ਹੀ ਰਹੀ ਗਈ ਹੈ ਜਿਸ ਕਾਰਨ ਯੂਨੀਵਰਸਿਟੀ ਨੂੰ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੂਟਾ ਦੇ ਸਕੱਤਰ ਇੰਜ. ਸੁਖਜਿੰਦਰ ਸਿੰਘ ਬੁੱਟਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨਾ ਹੀ ਯੂਨੀਵਰਸਿਟੀ ਅਧਿਆਪਕਾਂ ਦਾ ਸੱਤਵਾਂ ਯੂ.ਜੀ.ਸੀ. ਪੇਅ ਸਕੇਲ ਦਿੱਤਾ ਹੈ ਅਤੇ ਨਾ ਹੀ ਐਲਾਨ ਕੀਤੀ ਗਈ ਰਾਸ਼ੀ ਦਿੱਤੀ ਹੈ। ਇਸੇ ਦੌਰਾਨ ਪੂਟਾ ਆਗੂਆਂ ਨੇ ਆਖਿਆ ਕਿ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਜਿਸ ਦੌਰਾਨ ਕਾਲਜ ਤੇ ਯੂਨੀਵਰਸਿਟੀ ਅਧਿਆਪਕਾਂ ਦੀ ਸੂਬਾਈ ਫੈਡਰੇਸ਼ਨ ਦੀ ਅਗਵਾਈ ਹੇਠ ਚੋਣਾਂ ਦੌਰਾਨ ਵੀ ਉਮੀਦਵਾਰਾਂ ਦਾ ਵਿਰੋਧ ਕੀਤਾ ਜਾਵੇਗਾ।
‘ੳ ਵਰਗ ਅਫਸਰ ਸਾਂਝ ਮੰਚ’ ਦੀ ਹੂੰਝਾ ਫੇਰੂ ਜਿੱਤ
ਪੰਜਾਬੀ ਯੂਨੀਵਰਸੀਟੀ ਏ-ਕਲਾਸ ਆਫਿਸਰਜ਼ ਐਸੋਸੀਏਸ਼ਨ ਦੀ ਅੱਜ ਹੋਈ ਚੋਣਾਂ ਵਿੱਚ ‘ੳ ਵਰਗ ਅਫਸਰ ਸਾਂਝ ਮੰਚ’ ਦੀ ਨਵੀਂ ਟੀਮ ਨੇ ਹੂੰਝਾਫੇਰ ਜਿੱਤ ਦਰਜ ਕਰਦਿਆਂ ਰਵਾਇਤੀ ਜਥੇਬੰਦੀਆਂ ਨੂੰ ਵੱਡੇ ਫਰਕ ਨਾਲ ਹਰਾ ਦਿੱਤਾ। ਇਸ ਵਰਗ ਦੇ ਬਹੁਤੇ ਉਮੀਦਵਾਰ ਪਹਿਲੀ ਵਾਰ ਚੋਣ ਪਿੜ ’ਚ ਉੱਤਰੇ ਸਨ। 11 ਅਹੁਦੇਦਾਰਾਂ ਵਿੱਚੋਂ ਸਿਰਫ਼ ਇੱਕ ਮੈਂਬਰ ਹੀ ਦੂਜੀ ਧਿਰ ਤੋਂ ਜਿੱਤਿਆ ਹੈ। ਬਾਕੀ ਸਾਰੇ 10 ਉਮੀਦਵਾਰ ‘ੳ ਵਰਗ ਸਾਂਝ ਮੰਚ’ ਦੇ ਹੀ ਹਨ। ਇਸ ਮੰਚ ਤੋਂ ਖ਼ਜ਼ਾਨਚੀ ਚੁਣੇ ਗਏ ਸਪੋਰਟਸ ਸਾਇੰਸ ਵਿਭਾਗ ਦੇ ਅਧਿਆਪਕ ਡਾ. ਰਾਜਵੀਰ ਸਿੰਘ ਨੇ ਸ਼ਾਮ ਨੂੰ ਐਲਾਨੇ ਗਏ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੌਰਾਨ ਪ੍ਰ੍ਰਧਾਨਗੀ ਪਦ ਦੇ ਅਹਿਮ ਅਹੁਦੇ ਲਈ ਚੋਣ ਕਮਲਜੀਤ ਸਿੰਘ ਜੱਗੀ ਨੇ ਜਿੱਤੀ ਜਦਕਿ ਦੇਵਿਕਾ ਦੇਵੀ ਮੀਤ ਪ੍ਰਧਾਨ, ਜਸਵਿੰਦਰ ਕੌਰ ਸਕੱਤਰ, ਦਿਗਵੀਰ ਨਾਗਰਾ ਸੰਯੁਕਤ ਸਕੱਤਰ ਅਤੇ ਡਾ. ਰਾਜਬੀਰ ਸਿੰਘ ਖਜ਼ਾਨਚੀ ਦੇ ਅਹੁਦੇ ਲਈ ਚੁਣੇ ਗਏ ਹਨ। ਜੇਤੂ ਮੈਂਬਰਾਂ ਵਿੱਚ ਸੁਖਵਿੰਦਰ ਸਿੰਘ, ਹਰਕੁਲਵਿੰਦਰ ਸਿੰਘ, ਡਾ. ਰੰਜਨਾ ਪਰਮਾਰ, ਮੀਨਾ ਗਰਗ ਅਤੇ ਰਾਜੀਵ ਸੂਦ (ਸਾਰੇ ‘ੳ ਵਰਗ ਅਫਸਰ ਸਾਂਝਾ ਮੰਚ’) ਸਮੇਤ ਇੱਕ ਮੈਂਬਰ ਨਿਸ਼ਾਂਤ ਜੈਨ (ਸਾਂਝਾ ਅਫਸਰ ਫਰੰਟ) ਸ਼ਾਮਲ ਹਨ। ਟੀਮ ਦੇ ਮੈਂਬਰਾਂ ਨੇ ਯੂਨੀਵਰਸਿਟਂ ਦੇ ਧਾਰਮਿਕ ਸਥਾਨਾਂ ਦਾ ਦੌਰਾ ਕੀਤਾ।