ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 6 ਜੁਲਾਈ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਪੰਜਾਬੀ ਭਾਸ਼ਾ ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਪ੍ਰੋਗਰਾਮ ਨੂੰ ਰਾਸ਼ਟਰੀ ਪੱਧਰ ’ਤੇ ਲਿਜਾਣ ਦੀ ਮੁਹਿੰਮ ਤਹਿਤ ਪੰਜਾਬ ਤੋਂ ਬਾਹਰ ਦੀਆਂ ਸੰਸਥਾਵਾਂ ਨਾਲ ਸੰਪਰਕ ਸਾਧਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਪੰਜਾਬੀ ਯੂਨੀਵਰਸਿਟੀ ਵਿੱਚ ਵਾਈਸ-ਚਾਂਸਲਰ ਡਾ. ਅਰਵਿੰਦ ਦੀ ਅਗਵਾਈ ਹੇਠ ਮੀਟਿੰਗ ਹੋਈ। ਬੰਗਾਲ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਦੂਸਰੀ ਭਾਸ਼ਾ ਦਾ ਦਰਜਾ ਮਿਲਣ ਉਪਰੰਤ ਇਸ ਸਬੰਧ ਵਿਚ ਬੰਗਾਲ, ਬਿਹਾਰ, ਝਾਰਖੰਡ ਰਾਜਾਂ ਦੀ ਪ੍ਰਤੀਨਿਧਤਾ ਕਰਦੇ ਹੋਏ ਰਜਿੰਦਰ ਸਿੰਘ ਚਹਿਲ ਨੇ ਹਿੱਸਾ ਲਿਆ ਅਤੇ ਪ੍ਰੋਫੈਸਰ ਸਤਿਨਾਮ ਸਿੰਘ ਸੰਧੂ, ਮੁਖੀ (ਡਿਸਟੈਂਸ ਐਜੂਕੇਸ਼ਨ ਵਿਭਾਗ), ਕੋਆਰਡੀਨੇਟਰ ਵਜੋਂ ਸ਼ਾਮਲ ਹੋਏ।
ਮੀਟਿੰਗ ਦੌਰਾਨ ਵਾਈਸ-ਚਾਂਸਲਰ ਡਾ. ਅਰਵਿੰਦ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਜਲਦੀ ਹੀ ਭਾਰਤੀ ਅਤੇ ਵਿਦੇਸ਼ੀ ਵਿਦਿਆਰਥੀਆਂ ਲਈ ਬਹੁਤ ਸਾਰੇ ‘ਆਨਲਾਈਨ’ ਕੋਰਸ ਸ਼ੁਰੂ ਕਰਨ ਜਾ ਰਹੀ ਹੈ ਜਿਨ੍ਹਾਂ ਦੀ ਪ੍ਰੀਖਿਆ ਵੀ ‘ਆਨਲਾਈਨ’ ਹੋਵੇਗੀ। ਇਹ ਕੋਰਸ ਪੰਜਾਬ ਤੋਂ ਬਾਹਰ ਵਸਦੇ ਪੰਜਾਬੀਆਂ ਅਤੇ ਭਾਰਤ ਤੋਂ ਬਾਹਰ ਵਸਦੇ ਪਰਵਾਸੀਆਂ ਲਈ ਪੰਜਾਬ ਬਾਰੇ ਜਾਨਣ ਅਤੇ ਪੰਜਾਬੀ ਭਾਸ਼ਾ ਨੂੰ ਸਿੱਖਣ ਦਾ ਮਾਧਿਅਮ ਬਣਨਗੇ। ਰਾਜਿੰਦਰ ਸਿੰਘ ਚਹਿਲ ਨੇ ਕਿਹਾ ਕਿ ਪੰਜਾਬੋਂ ਬਾਹਰ ਬੈਠੇ ਪੰਜਾਬੀ ਜਦੋਂ ਕਦੇ ਵੀ ਪੰਜਾਬ ਦੇ ਇਤਿਹਾਸ, ਸਹਿਤ ਅਤੇ ਸਭਿਆਚਾਰ ਦੀ ਭੁੱਖ ਮਹਿਸੂਸ ਕਰਦੇ ਹਨ ਤਾਂ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਬਹੁਤ ਉਮੀਦਾਂ ਹੁੰਦੀਆਂ ਹਨ। ਮੀਟਿੰਗ ਦੌਰਾਨ ਬੋਲਦਿਆਂ ਸ੍ਰੀ ਚਹਿਲ ਵੱਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਅਕਾਦਮਿਕ ਸਹਿਯੋਗ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਬਾਹਰਲੀਆਂ ਸੰਸਥਾਵਾਂ ਵੱਲੋਂ ਉਥੇ ਵਸਦੇ ਪੰਜਾਬੀਆਂ ਨੂੰ ਪੰਜਾਬੀ ਸਾਹਿਤ ਸਭਿਆਚਾਰ, ਧਰਮ ਅਤੇ ਦਰਸ਼ਨ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦਿਸਾ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਅਗਵਾਈ ਕਰਨੀ ਚਾਹੀਦੀ ਹੈ। ਇਸੇ ਦੌਰਾਨ ਪ੍ਰੋਫੈਸਰ ਸਤਿਨਾਮ ਸਿੰਘ ਸੰਧੂ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਵੱਖ ਵੱਖ ਕੇਂਦਰ ਪਹਿਲਾਂ ਵੀ ਇਸ ਕਿਸਮ ਦੇ ਕੰਮ ਕਰ ਰਹੇ ਹਨ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਪੰਜਾਬ ਤੋਂ ਬਾਹਰਲੇ ਪੰਜਾਬੀਆਂ ਲਈ ਇਕ ਨੋਡਲ ਏਜੰਸੀ ਦਾ ਕੰਮ ਵੀ ਕਰੇਗੀ, ਜਿਸ ਤਹਿਤ ਉਨ੍ਹਾਂ ਦੀਆਂ ਅਕਾਦਮਿਕ, ਸਭਿਆਚਾਰਕ ਜ਼ਰੂਰਤਾਂ ਪੂਰੀਆਂ ਕਰਨ ਲਈ ਯੂਨੀਵਰਸਿਟੀ ਵਲੋਂ ਭਾਰਤੀ ਅਤੇ ਪੰਜਾਬੀ ਪਰਵਾਸੀਆਂ ਦਾ ਪੂਰਨ ਸਹਿਯੋਗ ਕੀਤਾ ਜਾਵੇਗਾ।