ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 27 ਜੁਲਾਈ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪਬਲੀਕੇਸ਼ਨ ਬਿਊਰੋ ਵੱਲੋਂ ਪਾਠਕਾਂ ਦੇ ਹੱਥਾਂ ਤੱਕ ਵੱਧ ਤੋਂ ਵੱਧ ਕਿਤਾਬਾਂ ਪਹੁੰਚਾਉਣ ਦੇ ਮਿਸ਼ਨ ਹੇਠ ਹੁਣ ਦੋ ਨਵੇਂ ਕਿਤਾਬ ਘਰ ਬਠਿੰਡਾ ਤੇ ਤਲਵੰਡੀ ਸਾਬੋ ਵਿੱਚ ਖੋਲਣ ਦਾ ਫੈਸਲਾ ਲਿਆ ਹੈ। ਉਧਰ ਪਬਲੀਕੇਸ਼ਨ ਬਿਊਰੋ ਭਾਵੇਂ 50 ਲੱਖ ਤੋਂ ਵੱਧ ਰਕਮ ਦਾ ਕਰਜ਼ਈ ਵੀ ਦੱਸਿਆ ਜਾ ਰਿਹਾ ਹੈ, ਫਿਰ ਵੀ ਬਿਊਰੋ ਵੱਲੋਂ ਨਵੀਆਂ ਕਿਤਾਬਾਂ ਛਾਪਣ ਦੀ ਤਜਵੀਜ਼ ਉਲੀਕੀ ਗਈ ਹੈ।
ਦੱਸਣਯੋਗ ਹੈ ਕਿ ਪਬਲੀਕੇਸ਼ਨ ਬਿਊਰੋ ਵੱਲੋਂ ਪਿਛਲੇ ਦਿਨੀਂ ਕਿਤਾਬਾਂ ਵਾਲੀ ਖੜ੍ਹੀ ਆਪਣੀ ਬੱਸ ਨੂੰ ਤੋਰਿਆ ਗਿਆ ਸੀ। ਇਸ ਬੱਸ ਨੇ ਪਹਿਲੇ ਫੇਜ਼ ਦੇ ਪੰਜਾਬ ਦੇ ਗੇੜੇ ’ਚ ਕਰੀਬ ਸਵਾ ਤਿੰਨ ਲੱਖ ਦੀਆਂ ਕਿਤਾਬਾਂ ਦੀ ਵੇਚ-ਵੱਟਕ ਕੀਤੀ ਹੈ। ਪਬਲੀਕੇਸ਼ਨ ਬਿਊਰੋ ਦੇ ਮੁਖੀ ਡਾ. ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਕਿਤਾਬਾਂ ਵਾਲੀ ਬੱਸ ਨੂੰ ਪਾਠਕਾਂ ਵੱਲ ਤੋਰਨ ਤੋਂ ਇਲਾਵਾ ਬਿਊਰੋ ਵੱਲੋਂ ਰਿਜਨਲ ਸੈਂਟਰ ਬਠਿੰਡਾ ਤੇ ਯੂਨੀਵਰਸਿਟੀ ਦੇ ਸਾਊਥ ਕੈਂਪਸ ਤਲਵੰਡੀ ਸਾਬੋ ਵਿਖੇ ਦੋ ਨਵੇਂ ਕਿਤਾਬ ਘਰ ਖੋਲ੍ਹਣ ਦਾ ਫੈਸਲਾ ਲਿਆ ਹੈ, ਤਾਂ ਕਿ ਕਿਤਾਬਾਂ ਦਾ ਘੇਰਾ ਵਿਸ਼ਾਲ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਨਵੇਂ ਕਿਤਾਬ ਘਰ ਖੋਲਣ ਸਬੰਧੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਅਰਵਿੰਦ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ।