ਰਵੇਲ ਸਿੰਘ ਭਿੰਡਰ
ਪਟਿਆਲਾ, 15 ਫਰਵਰੀ
ਪੰਜਾਬੀ ਯੂਨੀਵਰਸਿਟੀ ਬੀ ਤੇ ਸੀ ਕਰਮਚਾਰੀ ਸੰਘ ਵੱਲੋਂ ਅੱਜ ਸਾਲ 2021 ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਚੋਣ 26 ਫਰਵਰੀ ਨੂੰ ਕਰਵਾਈ ਜਾਵੇਗੀ। ਇਸ ਸਬੰਧੀ ਸੰਘ ਵੱਲੋਂ ਅੱਜ ਅਵਤਾਰ ਸਿੰਘ ਨੂੰ ਚੋਣ ਲਈ ਮੁੱਖ ਚੋਣ ਅਫਸਰ ਨਿਯੁਕਤ ਕੀਤਾ ਗਿਆ ਹੈ। ਮੁੱਖ ਚੋਣ ਅਫਸਰ ਅਵਤਾਰ ਸਿੰਘ ਨੇ ਚੋਣ ਸ਼ਡਿਊਲ ਜਾਰੀ ਕਰਦਿਆਂ ਦੱਸਿਆ ਕਿ ਇਸ ਚੋਣ ਪਿੜ ਲਈ ਉਮੀਦਵਾਰਾਂ ਲਈ ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਤਾਰੀਕ 19 ਫਰਵਰੀ ਤੈਅ ਕੀਤੀ ਗਈ ਹੈ, ਜਦੋਂਕਿ ਨਾਮਜ਼ਦਗੀ ਪੱਤਰ ਵਾਪਿਸ ਲੈਣ ਦੀ ਤਾਰੀਕ 22 ਫਰਵਰੀ ਹੋਵੇਗੀ। ਇਸ ਤੋਂ ਇਲਾਵਾ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕਰਨ ਤੇ ਚੋਣ ਨਿਸ਼ਾਨ ਜਾਰੀ ਕਰਨ ਦੀ ਤਾਰੀਕ 23 ਫਰਵਰੀ ਰੱਖੀ ਗਈ ਹੈ ਤੇ ਲੋੜ ਪੈਣ ’ਤੇ ਚੋਣਾਂ ਕਰਵਾਉਣ ਦੀ ਤਾਰੀਕ 26 ਫਰਵਰੀ ਹੋਵੇਗੀ। ਵੋਟਿੰਗ ਸਵੇਰੇ 9 ਤੋਂ ਬਾਅਦ ਦੁਪਹਿਰ 3 ਵਜੇ ਤੱਕ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਚੋਣ ਪਿੜ ਲਈ ਭਲਕੇ 16 ਤੋਂ 18 ਫਰਵਰੀ ਬਾਅਦ ਦੁਪਹਿਰ 3 ਵਜੇ ਤੱਕ ਨਵੀਆਂ ਵੋਟਾਂ ਬਣ ਸਕਣਗੀਆਂ। ਮੁੱਖ ਚੋਣ ਅਫਸਰ ਸ਼੍ਰੀ ਅਵਤਾਰ ਸਿੰਘ ਨੇ ਦੱਸਿਆ ਕਿ ਪਹਿਲੀ ਮਾਰਚ ਨੂੰ ਚੁਣੀ ਗਈ ਕਾਰਜਕਾਰਣੀ ਨੂੰ ਸਹੁੰ ਚੁਕਾਉਣ ਦੀ ਰਸਮ ਹੋਵੇਗੀ। ਸੰਘ ਦੀ ਇਸ ਚੋਣ ਲਈ ਪ੍ਰਧਾਨ, ਮੀਤ ਪ੍ਰਧਾਨ, ਜਨਰਲ ਸਕੱਤਰ, ਸਕੱਤਰ, ਸਹਾਇਕ ਸਕੱਤਰ,ਪ੍ਰਚਾਰ ਸਕੱਤਰ, ਖਜ਼ਾਨਚੀ ਦੀ ਇੱਕ ਇੱਕ ਆਸਾਮੀ ਹੋਵੇਗੀ ਜਦੋਂਕਿ ਕਾਰਜਕਾਰਣੀ ਦੇ ਪੰਜ ਮੈਂਬਰ ਚੁਣੇ ਜਾਣਗੇ। ਉਧਰ, ਇਸ ਚੋਣ ਪਿੜ ਲਈ ਮੁਲਾਜ਼ਮਾਂ ’ਚ ਹੁਣ ਤੋਂ ਹੀ ਲਾਮਬੰਦੀ ਦਾ ਮਾਹੌਲ ਬਣਨ ਲੱਗਿਆ ਹੈ। ਮੁਲਾਜ਼ਮ ਆਗੂ ਮਨੋਜ ਭਾਂਬਰੀ ਨੇ ਦੱਸਿਆ ਕਿ ਇਸ ਚੋਣ ਦੰਗਲ ਲਈ ਐਤਕੀਂ ਉਨ੍ਹਾਂ ਦੀ ਜਥੇਬੰਦੀ ਸਾਂਝੀ ਮੁਲਾਜ਼ਮ ਸੋਚ ਤੇ ਏ ਕਲਾਸ ਐਸੋਸੀਏਸ਼ਨ ਦੇ ਪ੍ਰਧਾਨ ਗੁਰਿੰਦਰਪਾਲ ਸਿੰਘ ਬੱਬੀ ਦਾ ਦਰਮਿਆਨ ਸਿਆਸੀ ਸਮਝੌਤਾ ਅੱਜ ਸਿਰੇ ਚੜ੍ਹ ਗਿਆ ਹੈ ਤੇ ਦੋਵਾਂ ਧਿਰ ਬੀ ਤੇ ਸੀ ਵਰਗ ਦੇ ਸੰਘ ਲਈ ਰਲਕੇ ਚੋਣਾਂ ਲੜਣਗੀਆਂ।
ਜੁਆਇੰਟ ਐਕਸ਼ਨ ਕਮੇਟੀ ਦਾ ਧਰਨਾ ਜਾਰੀ
ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਫ਼ਤਰ ਅੱਗੇ ਅਧਿਆਪਕਾਂ ਤੇ ਮੁਲਾਜ਼ਮਾਂ ਨੇ ਜੁਆਇੰਟ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਅੱਜ 142ਵੇਂ ਦਿਨ ਵੀ ਰੋਸ ਧਰਨਾ ਜਾਰੀ ਰੱਖਿਆ। ਦੁਪਹਿਰ ਦੌਰਾਨ ਦਿੱਤੇ ਗਏ ਧਰਨੇ ਦੌਰਾਨ ਯੂਨੀਵਰਸਿਟੀ ਦੀ ਖੁਦਮੁਖਤਿਆਰੀ ਤੇ ਮੁਲਾਜਮਾਂ ਦੀ ਤਨਖਾਹ ਬਿਨਾਂ ਰੋਕ ਜਾਰੀ ਕਰਨ ’ਤੇ ਜ਼ੋਰ ਦਿੱਤਾ ਗਿਆ।ਐਕਸ਼ਨ ਕਮੇਟੀ ਦੇ ਆਗੂਆਂ ਇਹ ਵੀ ਗਿਲਾ ਕੀਤਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਕੋਲ ਜੇਕਰ ਮੁਲਾਜ਼ਮਾਂ ਦੀਆਂ ਤਨਖਾਹ ਦੇਣ ਜੋਗੇ ਪੈਸੇ ਨਹੀ ਹਨ ਤਾਂ ਯੂਨੀਵਰਸਿਟੀ ਦਾ ਓਵਰਆਲ ਵਿਕਾਸ ਕਿਵੇਂ ਹੋ ਸਕੇਗਾ। ਹਰ ਮਹੀਨੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਮੁਲਾਜ਼ਮਾਂ ਦੀ ਤਨਖਾਹ ਦਾ ਹੀ ਫਿਕਰ ਬਣਿਆ ਰਹਿੰਦਾ ਹੈ। ਐਤਕੀਂ ਵੀ ਹਾਲੇ ਜਨਵਰੀ ਮਹੀਨੇ ਦੀ ਤਨਖਾਹ ਜਾਰੀ ਨਹੀ ਹੋ ਸਕੀ। ਐਕਸ਼ਨ ਕਮੇਟੀ ਨੇ ਐਲਾਨ ਕੀਤਾ ਕਿ ਜੇ ਸਰਕਾਰ ਜਾਂ ਯੂਨੀਵਰਸਿਟੀ ਪ੍ਰਸ਼ਾਸਨ ਗੰਭੀਰ ਨਾ ਹੋਇਆ ਤਾਂ ਅਗਲੇ ਦਿਨਾਂ ਅੰਦਰ ਮੁਲਾਜ਼ਮਾਂ ਤੇ ਅਧਿਆਪਕਾਂ ਵੱਲੋਂ ਗੁਪਤਚਰ ਤਿੱਖਾ ਐਕਸ਼ਨ ਕਰਨ ਤੋਂ ਗੁਰੇਜ ਨਹੀਂ ਕੀਤਾ ਜਾਏਗਾ।