ਗੁਰਨਾਮ ਸਿੰਘ ਅਕੀਦਾ
ਪਟਿਆਲਾ, 31 ਦਸੰਬਰ
ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਲਈ ਨਿੱਠ ਕੇ ਕੰਮ ਕਰਨ ਵਾਲੇ ਪੰਡਿਤ ਰਾਓ ਧਰੇਨਵਰ ਨੇ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਲੀਡਰਾਂ ਨੂੰ ਪੰਜਾਬੀ ਦਾ ਸਬਕ ਪੜ੍ਹਾਇਆ ਹੈ। ਉਨ੍ਹਾਂ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਵਿੱਚ ਪਾਰਟੀ ਮਾਮਲਿਆਂ ਦੇ ਮੁਖੀ ਰਾਘਵ ਚੱਢਾ ਨੂੰ ਖ਼ਤ ਲਿਖ ਕੇ ਬੇਨਤੀ ਕੀਤੀ ਹੈ ਕਿ ਪੰਜਾਬ ਵਿੱਚ ਪਾਰਟੀ ਦਾ ਪ੍ਰਚਾਰ ਕਰਨ ਮੌਕੇ ਉਹ ਪੰਜਾਬੀ ਵਿੱਚ ਹੀ ਬੋਲਿਆ ਕਰਨ। ਪੱਤਰ ਵਿੱਚ ਉਨ੍ਹਾਂ ਨੇ ਇਹ ਵੀ ਲਿਖਿਆ ਹੈ ਕਿ ਪੀਜੀਆਈ ਵਿੱਚ ਲੱਗੇ ਦੱਖਣ ਭਾਰਤੀ ਡਾਕਟਰ ਪੰਜਾਬੀ ਸਿੱਖ ਕੇ ਜੇ ਪੰਜਾਬ ਦੇ ਮਰੀਜ਼ਾਂ ਨਾਲ ਪੰਜਾਬੀ ਵਿੱਚ ਵਧੀਆ ਤਰੀਕੇ ਨਾਲ ਗੱਲਬਾਤ ਕਰ ਸਕਦੇ ਹਨ ਤਾਂ ਹਰਿਆਣੇ ਦੇ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਪਿਛੋਕੜ ਵਾਲੇ ਰਾਘਵ ਚੱਢਾ ਅਜਿਹਾ ਕਿਉਂ ਨਹੀਂ ਕਰ ਸਕਦੇ। ਉਨ੍ਹਾਂ ਨੇ ਰਾਘਵ ਚੱਢਾ ਨੂੰ ਇਹ ਸਵਾਲ ਵੀ ਪੁੱਛਿਆ ਹੈ ਕਿ ਇੱਕ ਪੰਜਾਬੀ ਹੋਣ ਦੇ ਬਾਵਜੂਦ ਉਹ ਪੰਜਾਬੀ ਕਿਉਂ ਨਹੀਂ ਬੋਲਦੇ?
ਦਿੱਲੀ ਦੀ ਜਵਾਹਰ ਲਾਲ ਯੂਨੀਵਰਸਿਟੀ ਵਿਚ ਪੰਜਾਬੀ ਅਧਿਐਨ ਕੇਂਦਰ ਚਾਲੂ ਕਰਨ ਦੇ ਵਾਅਦੇ ’ਤੇ ਖਰੀ ਨਾ ਉੱਤਰਨ ਵਾਲੀ ਦਿੱਲੀ ਸਰਕਾਰ ਉੱਪਰ ਵੀ ਪੰਡਿਤ ਰਾਓ ਨੇ ਸਵਾਲ ਚੁੱਕੇ ਹਨ। ਪੰਡਿਤ ਰਾਓ ਨੇ ਅਰਵਿੰਦ ਕੇਜਰੀਵਾਲ ਨੂੰ ਕਿਸੇ ਚੰਗੇ ਅਧਿਆਪਕ ਕੋਲੋਂ ਪੰਜਾਬੀ ਸਿੱਖਣ ਦੀ ਸਲਾਹ ਦਿੰਦਿਆਂ ਪੈਂਤੀ ਅੱਖਰਾਂ ਦੇ ਸਤਿਕਾਰ ਵਜੋਂ ਉਨ੍ਹਾਂ ਨੂੰ ਪੈਂਤੀ ਸੌ ਰੁਪਏ ਦਾ ਚੈੱਕ ਵੀ ਭੇਜਿਆ ਹੈ। ਸਿਰ ਤੇ ਗੁਰਮੁਖੀ ਅੱਖਰਾਂ ਵਾਲ਼ਾ ਬੋਰਡ ਚੁੱਕ ਕੇ ਆਪਣੇ ਰਵਾਇਤੀ ਅੰਦਾਜ਼ ਵਿਚ ਪ੍ਰਚਾਰ ਕਰਨ ਵਾਲੇ ਪੰਡਿਤ ਰਾਓ ਧਰੇਨਵਰ ਨੇ ਪਟਿਆਲਾ ਵਿਖੇ ਪਹੁੰਚ ਕੇ ਅਰਵਿੰਦ ਕੇਜਰੀਵਾਲ ਨੂੰ ਬੇਨਤੀ ਕੀਤੀ ਹੈ ਕਿ ਜੇ ਉਹ ਪੰਜਾਬ ਵਿੱਚ ਆ ਕੇ ਪੰਜਾਬੀ ਬੋਲਣਗੇ ਤਾਂ ਉਨ੍ਹਾਂ ਦੀ ਆਮ ਆਦਮੀ ਪਾਰਟੀ ਪੰਜਾਬ ਵਿੱਚ ਹੋਰ ਮਜ਼ਬੂਤ ਹੋਵੇਗੀ।