ਖੇਤਰੀ ਪ੍ਰਤੀਨਿਧ
ਪਟਿਆਲਾ, 12 ਜਨਵਰੀ
ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸੂਬਾ ਸੰਚਾਲਕ ਡਾ. ਇਕਬਾਲ ਸੋਮੀਆਂ ਦੀ ਅਗਵਾਈ ਹੇਠ ਬਣਾਏ ਗਏ ‘ਪੰਜਾਬੀ ਪ੍ਰਸਾਰ ਮੰਚ’ ਵੱਲੋਂ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿੱਚ ਸਟਿੱਕਰ ਛਪਵਾ ਕੇ ਲਗਵਾਉਣ ਦਾ ਬੀੜਾ ਚੁੱਕਿਆ ਗਿਆ ਹੈ। ਇਸ ਮੁਹਿੰਮ ਦਾ ਆਗਾਜ਼ ਅੱਜ ਪੰਜਾਬੀ ਯੂਨੀਵਰਸਿਟੀ ਦੇ ਵਿਹੜੇ ਤੋਂ ਕੀਤਾ ਗਿਆ। ਸਟਿੱਕਰਾਂ ਦਾ ਲੋਕ ਅਰਪਣ ਕਰਦਿਆਂ, ਮੰਚ ਦੇ ਸਕੱਤਰ ਤੇ ਕਵੀ ਅਮਰਜੀਤ ਕਸਕ ਨੇ ਕਿਹਾ ਕਿ ਇਨ੍ਹਾਂ ਸਟਿੱਕਰਾਂ ਵਿੱਚ ਮਹਾਨ ਲੇਖਕਾਂ ਦੇ ਵਿਚਾਰ ਤੇ ਕਾਵਿ-ਤੁਕਾਂ ਰਾਹੀਂ ਜਿੱਥੇ ਸ਼ੁੱਧ ਭਾਸ਼ਾ ਦਾ ਪ੍ਰਚਾਰ-ਪ੍ਰਸਾਰ ਕਰਨ ਦਾ ਜਤਨ ਹੈ, ਉੱਥੇ ਇਨ੍ਹਾਂ ਵਿਚਾਰਾਂ ਰਾਹੀਂ ਲੋਕ-ਚੇਤਨਾ ਦਾ ਵੀ ਪ੍ਰਚਾਰ-ਪ੍ਰਸਾਰ ਕੀਤਾ ਜਾ ਰਿਹਾ ਹੈ।
ਇਸ ਮੌਕੇ ਡਾ. ਇਕਬਾਲ ਸੋਮੀਆਂ ਨੇ ਦੱਸਿਆ ਕਿ ਪੰਜਾਬੀ ਭਾਸ਼ਾ ਵਿੱਚ ਆ ਰਹੇ ਵਿਗਾੜ ਦੀ ਚਿੰਤਾ ਕਾਰਨ ਇਹ ਮੰਚ ਪਿਛਲੇ ਸਾਲ ਬਣਾਇਆ ਗਿਆ ਸੀ। ਇਸ ਲਈ ਇਹ ਸਟਿੱਕਰ ਜਨਤਕ ਥਾਵਾਂ, ਬੱਸਾਂ, ਕਾਰਾਂ ਆਦਿ ਸਮੇਤ ਘਰਾਂ ਦੇ ਦਰਵਾਜ਼ਿਆਂ ਅਤੇ ਦਫ਼ਤਰਾਂ ਆਦਿ ’ਤੇ ਲਗਾਏ ਜਾਣਗੇ। ਇਸ ਮੌਕੇ ਡਾ. ਤੇਗ ਸਿੰਘ, ਡਾ. ਜਰਨੈਲ ਸਿੰਘ, ਹਰਵਿੰਦਰ ਸਿੰਘ ਆਦਿ ਹਾਜ਼ਰ ਸਨ।