ਨਿੱਜੀ ਪੱਤਰ ਪ੍ਰੇਰਕ
ਭਾਦਸੋਂ, 26 ਸਤੰਬਰ
ਜ਼ਿਲ੍ਹਾ ਪਟਿਆਲਾ ਦੇ ਟੂਰਿਸਟ ਸਪਾਟ ਸਥਾਨਕ ਗੈਰੀ ਫਾਰਮਜ਼ ਪਿੰਡ ਨਾਨੋਕੀ ਵਿੱਚ ਪੁੱਜੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਕਿਸਾਨੀ ਮੁੱਦਿਆਂ ਨੂੰ ਲੈ ਕੇ ਪੰਜਾਬੀ ਕਿਸਾਨ ਅਮਰੀਕਾ ਤਾਂ ਕੀ ਚੰਨ ਤਕ ਮੋਦੀ ਦਾ ਪਿੱਛਾ ਕਰਨਗੇ। ਕਾਦੀਆਂ ਨੇ ਕਿਹਾ ਕਿ ਦਿੱਲੀ ਵਿੱਚ ਚੱਲ ਰਿਹਾ ਕਿਸਾਨੀ ਅੰਦੋਲਨ ਹੁਣ ਰਾਸ਼ਟਰੀ ਪੱਧਰ ਤੋਂ ਨਿਕਲ ਕੇ ਅੰਤਰਰਾਸ਼ਟਰੀ ਪੱਧਰ ਤੱਕ ਪੁੱਜ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਹੋਂਦ ਬਚਾਉਣ ਲਈ ਖ਼ੁਦ ਹੀ ਅੱਗੇ ਆਉਣਾ ਪਵੇਗਾ। ਪੰਜਾਬ, ਪੰਜਾਬੀਅਤ ਅਤੇ ਖੇਤੀਬਾੜੀ ਨੂੰ ਬਚਾਉਣ ਲਈ ਰਵਾਇਤੀ ਫਸਲਾਂ ਦੇ ਚੱਕਰ ਤੋਂ ਪੰਜਾਬੀ ਕਿਸਾਨਾਂ ਨੂੰ ਬਾਹਰ ਆਉਣਾ ਪਵੇਗਾ। ਨੌਜਵਾਨਾਂ ਦੇ ਵਿਦੇਸ਼ਾਂ ਵੱਲ ਵਧਦੇ ਰੁਝਾਨ ਨੂੰ ਦੇਸ਼ ਲਈ ਖ਼ਤਰਨਾਕ ਦੱਸਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੀ ਸਰਕਾਰ ਰੁਜ਼ਗਾਰ ਦੇ ਸਾਧਨ ਪੈਦਾ ਕਰਨ ਦੀ ਬਜਾਏ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਖੇਡ ਰਹੀ ਹੈ।
ਐੱਨਆਰਆਈ ਕਿਸਾਨ ਗੁਰਿੰਦਰ ਦੀਪ ਕਲਿਆਣ ਤੇ ਅਬਜਿੰਦਰ ਸਿੰਘ ਜੋਗੀ ਨੇ ਕਿਹਾ ਕਿ ਅੱਜ ਇਕ ਸਾਂਝੇ ਪਲੇਟਫਾਰਮ ਉੱਤੇ ਆ ਕੇ ਕਿਸਾਨਾਂ ਦੀ ਹੋਂਦ ਬਚਾਉਣ ਲਈ ਵੱਡਾ ਹੰਭਲਾ ਮਾਰਨ ਦੀ ਲੋੜ ਹੈ। ਅਹੁਦਿਆਂ ਦੀ ਬਜਾਏ ਵਰਕਰ ਬਣ ਕੇ ਕਿਸਾਨੀ ਅੰਦੋਲਨਾਂ ਵਿੱਚ ਸੇਵਾ ਕੀਤੀ ਜਾਵੇ ਤਾਂ ਜੋ ਦੇਸ਼ ਦੀ ਵਿਰਾਸਤੀ ਪਹਿਚਾਣ ਰੂਪੀ ਖੇਤੀਬਾੜੀ ਨੂੰ ਬਚਾਇਆ ਜਾ ਸਕੇ। ਇਸ ਮੌਕੇ ਜਥੇਬੰਦੀ ਨੇ ਪਟਿਆਲਾ ਜ਼ਿਲ੍ਹੇ ਦੀ ਜ਼ਿੰਮੇਵਾਰੀ ਅਬਜਿੰਦਰ ਸਿੰਘ ਜੋਗੀ ਨੂੰ ਸੌਂਪਦਿਆਂ, ਕਿਹਾ ਕਿ ਜਥੇਬੰਦੀ ਬਾਕੀ ਪੰਜਾਬ ਵਿੱਚ ਬੜੀ ਤੇਜ਼ੀ ਨਾਲ ਸਰਗਰਮ ਹੈ।