ਰਵੇਲ ਸਿੰਘ ਭਿੰਡਰ
ਪਟਿਆਲਾ, 22 ਜੂਨ
ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ (ਪੂਟਾ) ਵੱਲੋਂ 2 ਜੂਨ ਤੋਂ ਲਗਾਤਾਰ ਆਰੰਭਿਆ ਧਰਨਾ ਅੱਜ 20ਵੇਂ ਦਿਨ ਵੀ ਗਿਆਰਾਂ ਤੋਂ ਇੱਕ ਵਜੇ ਤੱਕ ਵਾਈਸ ਚਾਂਸਲਰ ਦਫ਼ਤਰ ਅੱਗੇ ਜਾਰੀ ਰਿਹਾ। ਇਸ ਸੰਘਰਸ਼ ਦਾ ਮੁੱਖ ਮੁੱਦਾ ਅਧਿਆਪਕਾਂ ਦੀਆਂ ਬਣਦੀਆਂ ਮਈ ਮਹੀਨੇ ਦੀਆਂ ਤਨਖ਼ਾਹਾਂ ਦਾ ਭੁਗਤਾਨ ਨਾ ਹੋਣ, ਜੀਪੀਐੱਫ ਅਤੇ ਐੱਨਪੀਐੱਸ ਦੀਆਂ ਕਟੌਤੀਆਂ ਦੀ ਅਦਾਇਗੀ ਸਬੰਧਤ ਖਾਤਿਆਂ ਵਿੱਚ ਨਾ ਹੋਣੀ, ਅਧਿਆਪਕ ਤਰੱਕੀਆਂ ਦਾ ਸ਼ਡਿਊਲ ਜਾਰੀ ਨਾ ਕਰਨਾ, ਅਧਿਆਪਕ ਸੰਘ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਦਰਮਿਆਨ ਹੋਏ ਸਮਝੌਤੇ ਨੂੰ ਇੰਨ-ਬਿਨ ਲਾਗੂ ਨਾ ਕਰਨਾ ਆਦਿ ਮੰਗਾਂ ਹਨ।
ਪੂਟਾ ਨੂੰ ਗਿਲਾ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਉਨ੍ਹਾਂ ਦੇ ਸੰਘਰਸ਼ ਨੂੰ ਅਣਡਿੱਠ ਕਰ ਰਿਹਾ ਹੈ, ਜਿਸ ਨਾਲ ਪੂਟਾ ਗਲਿਆਰਿਆਂ ’ਚ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਗੁੱਸੇ ਦੀ ਲਹਿਰ ਪ੍ਰਚੰਡ ਹੋ ਰਹੀ ਹੈ। ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ ਦੇ ਪ੍ਰਧਾਨ ਜਸਵਿੰਦਰ ਸਿੰਘ ਬਰਾੜ ਅਤੇ ਜਨਰਲ ਸਕੱਤਰ ਗੁਰਨਾਮ ਸਿੰਘ ਵਿਰਕ ਨੇ ਕਿਹਾ ਕਿ ਯੂਨੀਵਰਸਿਟੀ ਦੀ ਵਿੱਤੀ ਹਾਲਤ ਦਿਨੋਂ-ਦਿਨ ਮਾੜੀ ਹੁੰਦੀ ਜਾ ਰਹੀ ਹੈ। ਯੂਨੀਵਰਸਿਟੀ ਪ੍ਰਸ਼ਾਸਨ ਭਾਵੇਂ ਪੰਜਾਬ ਸਰਕਾਰ ਨੂੰ ਲਿਖ ਰਿਹਾ ਹੈ ਕਿ ਨਹੀਂ ਪਰ ਅਧਿਆਪਕ ਸੰਘ ਨੇ ਆਪਣਾ ਫ਼ਰਜ਼ ਸਮਝਦੇ ਹੋਏ ਯੂਨੀਵਰਸਿਟੀ ਦੀ ਵਿੱਤੀ ਹਾਲਤ ਤੋਂ ਜਾਣੂ ਕਰਵਾਉਣ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ’ਵਰਸਿਟੀ ਦੇ ਵਿੱਤੀ ਹਾਲਾਤ ਸਬੰਧੀ ਵੇਰਵਾ ਲਿਖਿਆ ਹੈ। ਇਸ ਦੇ ਨਾਲ ਯੂਨੀਵਰਸਿਟੀ ਦੇ ਸਿੰਡੀਕੇਟ ਮੈਂਬਰਾਂ ਨੂੰ ਵੀ ਐਮਰਜੈਂਸੀ ਵਿੱਤੀ ਹਾਲਾਤ ਉੱਤੇ ਮੀਟਿੰਗ ਕਰਨ ਲਈ ਚਿੱਠੀ ਲਿਖੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਤੋਂ ਇੰਝ ਲੱਗਦਾ ਹੈ ਕਿ ਵਾਈਸ ਚਾਂਸਲਰ ’ਵਰਸਿਟੀ ਲਈ ਫੰਡ ਮੋਬੀਲਾਈਜ਼ ਕਰਾਉਣ ਵਿੱਚ ਸਫ਼ਲ ਨਹੀਂ ਹੋ ਰਹੇ।
ਅਧਿਆਪਕ ਸੰਘ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਫ਼ੈਸਲਾ ਲਿਆ ਹੈ। ਇਸ ਲਈ ਭਲਕੇ 23 ਜੂਨ ਨੂੰ ਕੈਂਪਸ ਵਿਚ ਗਿਆਰਾਂ ਵਜੇ ਰੋਸ ਮਾਰਚ ਕੀਤਾ ਜਾਵੇਗਾ। ਇਹ ਰੋਸ ਮਾਰਚ ਭਲਕੇ ਸਵੇਰੇ ਗਿਆਰਾਂ ਵਜੇ ਵੀਸੀ ਦਫ਼ਤਰ ਤੋਂ ਸ਼ੁਰੂ ਕੀਤਾ ਜਾਵੇਗਾ।