ਗੁਰਨਾਮ ਸਿੰਘ ਅਕੀਦਾ
ਪਟਿਆਲਾ, 3 ਅਪਰੈਲ
ਕਰੋੜਾਂ ਰੁਪਏ ਖ਼ਰਚ ਕੇ ਵੀ ਪਟਿਆਲਾ ਦੀ ਇੱਕੋ ਇਕ ਵਿਰਾਸਤੀ ਝੀਲ ਦਾ ਲੋਕਾਂ ਨੂੰ ਕੋਈ ਸੁੱਖ ਨਹੀਂ ਮਿਲ ਰਿਹਾ। ਝੀਲ ਵਿਚ ਚਲਾਈਆਂ ਜਾਣ ਵਾਲੀਆਂ ਕਿਸ਼ਤੀਆਂ ਆਪਣੀ ਹੋਂਦ ਗਵਾ ਚੁੱਕੀਆਂ ਹਨ। ਝੀਲ ਦੀ ਸੰਭਾਲ ਕਰਨ ਵਾਲੇ ਅਧਿਕਾਰੀ ਹੁਣ ਆਪਣਾ ਪੱਲਾ ਛੁਡਾ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ 2.52 ਕਰੋੜ ਰੁਪਏ ਦੀ ਲਾਗਤ ਨਾਲ ਝੀਲ ਦੀ ਸਫ਼ਾਈ ਸਮੇਤ ਆਲ਼ੇ ਦੁਆਲੇ ਦੀਆਂ ਸੜਕਾਂ ਨੂੰ ਚੌੜਾ ਕਰਨ ਦਾ ਕੰਮ ਹੋਇਆ ਸੀ। 1.19 ਕਰੋੜ ਦੇ ਫੁਆਰੇ ਝੀਲ ਵਿਚ ਲੱਗੇ, ਜਿਸ ਲਈ 83 ਲੱਖ ਦਾ ਬਿਜਲੀ ਦਾ ਕੰਮ ਵੀ ਕਰਵਾ ਦਿੱਤਾ ਗਿਆ ਸੀ, 5 ਫੁਹਾਰੇ ਝੀਲ ਵਿਚ ਲਗਾਏ ਗਏ ਜਿਸ ਵਿਚੋਂ ਇਕ ਫੁਹਾਰੇ ਦਾ ਤਾਂ 80 ਫੁੱਟ ਤੱਕ ਤੇ ਦੋ ਫੁਹਾਰਿਆਂ ਦਾ 50-50 ਫੁੱਟ ਉਚਾਈ ’ਤੇ ਪਾਣੀ ਸੁੱਟਣ ਦਾ ਦਾਅਵਾ ਕੀਤਾ ਗਿਆ ਪਰ ਇਹ ਸਭ ਦਾਅਵੇ ਧਰੇ ਧਰਾਏ ਰਹਿ ਗਏ। 31 ਲੱਖ ਰੁਪਏ ਨਾਲ ਝੀਲ ਕੀ ਲੈਂਡ ਸਕੇਪਿੰਗ ਤੇ ਸਜਾਵਟੀ ਬੂਟੇ ਲਗਾਏ ਗਏ ਸਨ। ਝੀਲ ਦੇ ਆਲ਼ੇ ਦੁਆਲੇ 14 ਫੁੱਟ ਪੱਥਰ ਲਗਾ ਕੇ ਕਿਨਾਰਿਆਂ ਨੂੰ ਪੱਕਾ ਕੀਤਾ ਗਿਆ, ਆਲ਼ੇ ਦੁਆਲੇ ਲਗਾਈਆਂ ਗਈਆਂ ਰੰਗ ਬਿਰੰਗੀਆਂ ਲਾਈਟਾਂ ਵੀ ਹੁਣ ਅੱਧੀਆਂ ਅਧੂਰੀਆਂ ਚੱਲ ਰਹੀਆਂ ਹਨ। ਦੂਜੇ ਪਾਸੇ ਸਰਕਾਰ ਵੱਲੋਂ ਕੀਤੇ ਵਾਅਦੇ ਅਨੁਸਾਰ ਝੀਲ ਦੇ ਆਲ਼ੇ ਦੁਆਲੇ ਸੈਰ ਕਰਨ ਲਈ ਫੁੱਟਪਾਥ ਨਹੀਂ ਬਣਿਆ। ਸਵਾ ਕਿੱਲੋਮੀਟਰ ਸਾਈਕਲਿੰਗ ਦਾ ਟਰੈਕ ਵੀ ਨਹੀਂ ਬਣਿਆ, ਫੂਡ ਸਟਰੀਟ ਵੀ ਨਹੀਂ ਬਣਿਆ। ਇਸ ਝੀਲ ਨੂੰ ਤਿਆਰ ਕਰਨ ਵਾਲੇ ਐਸਡੀਓ ਸੰਦੀਪ ਵਾਲੀਆ ਕਹਿੰਦੇ ਹਨ ਕਿ ਜਿੰਨਾ ਕੰਮ ਉਸ ਨੂੰ ਦਿੱਤਾ ਗਿਆ ਸੀ ਉਹ ਉਸ ਨੇ ਪੂਰਾ ਕਰਕੇ ਨਿਗਮ ਦੇ ਹਵਾਲੇ ਕਰ ਦਿੱਤਾ ਸੀ। ਇਸ ਬਾਰੇ ਮੌਕੇ ’ਤੇ ਜਦੋਂ ਝੀਲ ਨੂੰ ਦੇਖਿਆ ਗਿਆ ਤਾਂ ਇਸ ਵਿਚ ਪਹਿਲਾਂ ਵਾਂਗ ਅੱਜ ਵੀ ਗੰਦਗੀ ਫੈਲੀ ਹੋਈ ਸੀ, ਝੀਲ ਵਿਚ ਚਲਾਉਣ ਲਈ ਰੱਖੀਆਂ ਕਿਸ਼ਤੀਆਂ ਮਿੱਟੀ ਹੋ ਚੁੱਕੀਆਂ ਹਨ। ਝੀਲ ਦੇ ਆਲ਼ੇ ਦੁਆਲੇ ਹਰਿਆਲੀ ਵਿਚ ਹੁਣ ਗੰਦਗੀ ਭਰ ਗਈ ਹੈ। ਇੱਥੇ ਹੁਣ ਨਸ਼ੇੜੀਆਂ ਵੱਲੋਂ ਗੰਦਗੀ ਖਿਲਾਰੀ ਜਾਂਦੀ ਹੈ ਜਿਵੇਂ ਕਿ ਜਰਦੇ ਦੀਆਂ ਪੁੜੀਆਂ, ਟੀਕਿਆਂ ਦੇ ਖ਼ੋਲ, ਦਵਾਈਆਂ ਦੇ ਖ਼ਾਲੀ ਪੱਤੇ ਲਿਫਾਫੇ ਆਦਿ ਖਿੱਲਰੇ ਮਿਲਦੇ ਹਨ। ਸਫ਼ਾਈ ਨਾ ਹੋਣ ਕਰਕੇ ਕਿਨਾਰੇ ਗੰਦਗੀ ਨਾਲ ਭਰ ਗਏ ਹਨ।
ਅਧਿਕਾਰੀ ਕੁਝ ਕਹਿਣ ਤੋਂ ਛੁਡਾ ਰਹੇ ਪੱਲਾ਼
ਇਸ ਬਾਰੇ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਨਾਲ ਗੱਲ ਕਰਨੀ ਚਾਹੀ ਪਰ ਉਹ ਕੁਝ ਵੀ ਕਹਿਣ ਤੋਂ ਇਨਕਾਰ ਕਰ ਗਏ। ਡਿਪਟੀ ਕਮਿਸ਼ਨਰ ਸੰਦੀਪ ਹੰਸ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ। ਸਾਰੇ ਅਧਿਕਾਰੀ ਇਸ ਮਾਮਲੇ ਬਾਰੇ ਅੱਜ ਪੱਲਾ ਛੁਡਾਉਂਦੇ ਨਜ਼ਰ ਆਏ।
ਪੜਤਾਲ ਕਰਵਾਈ ਜਾਵੇਗੀ: ਕੋਹਲੀ
ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਕਹਿੰਦੇ ਹਨ ਕਿ ਇਸ ਝੀਲ ਵਿਚ ਖਰਚੇ ਮਣਾ ਮੂੰਹੀ ਰੁਪਿਆਂ ਦੀ ਪੜਤਾਲ ਕਰਵਾਈ ਜਾਵੇਗੀ। ਝੀਲ ਦਾ ਸੁੰਦਰੀਕਰਨ ਕਰਨਾ ਉਨ੍ਹਾਂ ਦੇ ਪਹਿਲੇ ਪ੍ਰਾਜੈਕਟਾਂ ਵਿਚੋਂ ਹੈ।