ਸਰਬਜੀਤ ਸਿੰਘ ਭੰਗੂ
ਪਟਿਆਲਾ, 10 ਮਾਰਚ
ਵਿੱਤ ਮੰਤਰੀ ਮਨਪ੍ਰੀਤ ਸਿੰਘ ਦੇ ਵੱਲੋਂ ਪੇਸ਼ ਪੰਜਾਬ ਸਰਕਾਰ ਦੇ ਬਜਟ ਨੂੰ ਖੋਖਲਾ ਗਰਦਾਨਦਿਆਂ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਪਟਿਆਲਾ ਦੇ ਮੁਲਾਜ਼ਮਾਂ ਨੇ ਅੱਜ ਭਾਖੜਾ ਮੇਨਲਾਈਨ ਕੰਪਲੈਕਸ ਵਿੱਚ ਇਕੱਤਰ ਹੋ ਕੇ ਇਸ ‘ਖੋਖਲ਼ੇ ਬਜਟ’ ਦੀ ਗਠੜੀ ਫੂਕੀ। ਇਸ ਮੌਕੇ ਫੈਡਰੇਸ਼ਨ ਦੇ ਆਗੂਆਂ ਜਸਵੀਰ ਸਿੰਘ ਖੋਖਰ, ਹਰਬੀਰ ਸਿੰਘ ਸੁਨਾਮ, ਰਾਜਿੰਦਰ ਸਿੰਘ ਧਾਲੀਵਾਲ, ਸਵਰਨ ਸਿੰਘ, ਹਰੀ ਰਾਮ ਨਿੱਕਾ, ਮਨਜੀਤ ਸਿੰਘ ਰੋਹਟੀ, ਭਜਨ ਸਿੰਘ ਲੰਗ, ਕਰਮ ਸਿੰਘ ਰੋਹਟੀ, ਵਿਪਨ ਕੁਮਾਰ ਤੇ ਬਲਬੀਰ ਸਿੰਘ ਆਦਿ ਨੇ ਸੰਬੋਧਨ ਕੀਤਾ। ਉਨ੍ਹਾਂ ਮੰਗ ਕੀਤੀ ਕਿ ਪੇ ਕਮਿਸ਼ਨ ਦੀ ਰਿਪੋਰਟ 1 ਜਨਵਰੀ 2016 ਤੋਂ ਲਾਗੂ ਕੀਤੀ ਜਾਵੇ, ਡੀ.ਏ. ਦੀਆਂ ਕਿਸ਼ਤਾਂ ਤੇ ਬਕਾਇਆ ਜਾਰੀ ਕੀਤਾ ਜਾਵੇ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਵਿਭਾਗਾਂ ਦੇ ਪੁਨਰਗਠਨ ਦਾ ਫੈਸਲਾ ਵਾਪਸ ਲਿਆ ਜਾਵੇ, ਖਤਮ ਕੀਤੀਆਂ ਅਸਾਮੀਆਂ ਬਹਾਲ ਹੋਣ, ਨਵੇਂ ਭਰਤੀ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਲਾਗੂ ਹੋਵੇ, ਨਵੇਂ ਮੁਲਾਜ਼ਮਾਂ ’ਤੇ ਲਾਗੂ ਤਿੰਨ ਸਾਲ ਦੀ ਪ੍ਰੋਬੇਸ਼ਨਰ ਪੀਰੀਅਡ ਦੀ ਸ਼ਰਤ ਖਤਮ ਕੀਤੀ ਜਾਵੇ, ਆਂਗਣਵਾੜੀ ਆਸ਼ਾ ਮਿਡ ਡੇ ਮੀਲ ਤੇ ਹੋਰ ਵਰਕਰਾਂ ’ਤੇ ਘੱਟੋ ਘੱਟ ਉਜਰਤ ਲਾਗੂ ਕੀਤੀ ਜਾਵੇ। ਇਨ੍ਹਾਂ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਝੰਡੇ ਹੇਠ 16 ਅਪਰੈਲ ਨੂੰ ਪਟਿਆਲਾ ਵਿਖੇ ਕੀਤੀ ਜਾ ਰਹੀ ਜ਼ੋਨਲ ਰੈਲੀ ਤੇ 4 ਮਈ ਤੋਂ ਪਟਿਆਲਾ ਵਿਖੇ ਲਾਏ ਜਾ ਰਹੇ ਪੱਕੇ ਮੋਰਚੇ ’ਚ ਵਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇਗੀ।