ਰਵੇਲ ਸਿੰਘ ਭਿੰਡਰ
ਪਟਿਆਲਾ, 25 ਸਤਬੰਰ
ਪੰਜਾਬ ਬੰਦ ਦੇ ਸੱਦੇ ਨੂੰ ਅੱਜ ਪਟਿਆਲਾ ਅਤੇ ਸੰਗਰੂਰ ਜ਼ਿਲ੍ਹੇ ਵਿੱਚ ਭਰਵਾਂ ਹੁੰਗਾਰਾ ਮਿਲਿਆ। ਬੰਦ ਕਾਰਨ ਸ਼ਹਿਰਾਂ ਦੇ ਬਾਜ਼ਾਰਾਂ ਵਿੱਚ ਸੰੁਨ ਪੱਸਰੀ ਰਹੀ। ਅਹਿਮ ਗੱਲ ਇਹ ਵੇਖੀ ਗਈ ਕਿ ਸ਼ਹਿਰ ਦੇ ਦੁਕਾਨਦਾਰਾਂ ਨੇ ਸਿਆਸਤ ਤੋਂ ਉਪਰ ਉੱਠ ਕੇ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਵਿੱਚ ਆਪ ਮੁਹਾਰੇ ਹੀ ਆਪਣੇ ਕਾਰੋਬਾਰ ਬੰਦ ਰੱਖੇ।
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਬਿੱਲਾਂ ਖ਼ਿਲਾਫ਼ ਅਕਾਲੀ ਦਲ ਵੱਲੋਂ ਪਟਿਆਲਾ ਸ਼ਹਿਰ ਤੇ ਆਸਪਾਸ ਚਾਰ ਵੱਡੇ ਰੋਸ ਧਰਨੇ ਦਿੱਤੇ ਗਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਸਥਿਤ ਘਰ ’ਨਿਊ ਮੋਤੀ ਬਾਗ਼ ਪੈਲੇਸ’ ਨੇੜੇ ਮੋਦੀ ਕਾਲਜ ਚੌਂਕ ’ਚ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਚੱਕਾ ਜਾਮ ਕਰਕੇ ਕਾਲੀਆਂ ਝੰਡੀਆਂ ਲਹਿਰਾਉਂਦਿਆਂ ਰੋਸ ਧਰਨਾ ਦੇਣ ਮਗਰੋਂ ਟਰੈਕਟਰਾਂ ’ਤੇ ਰੋਸ ਮਾਰਚ ਕੱਢਿਆ ਗਿਆ। ਪਸਿਆਣਾ ਪੁਲ ਹੇਠਾਂ ਅਕਾਲੀ ਦਲ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਹੇਠ ਰੋਸ ਧਰਨਾ ਦਿੱਤਾ ਗਿਆ। ਸਥਾਨਕ ਬੱਸ ਸਟੈਂਡ ਬੱਤੀਆਂ ਵਾਲਾ ਚੌਂਕ ’ਚ ਸਾਬਕਾ ਅਕਾਲੀ ਮੇਅਰਾਂ ਅਜੀਤਪਾਲ ਸਿੰਘ ਕੋਹਲੀ ਤੇ ਅਮਰਿੰਦਰ ਸਿੰਘ ਬਜਾਜ ਦੀ ਅਗਵਾਈ ਹੇਠ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਮਿਨੀ ਸਕੱਤਰੇਤ ਰੋਡ ’ਤੇ ਪਟਿਆਲਾ ਦਿਹਾਤੀ ਦੇ ਇੰਚਾਰਜ ਐਡਵੋਕੇਟ ਸਤਬੀਰ ਸਿੰਘ ਖੱਟੜਾ ਦੀ ਅਗਵਾਈ ਹੇਠ ਅਕਾਲੀ ਦਲ ਵੱਲੋਂ ਚਾਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਖੇਤੀ ਬਿੱਲਾਂ ਦੇ ਵਿਰੋਧ ਵਿੱਚ ਅਤੇ ਕਿਸਾਨਾਂ ਦੇ ਦਿੱਤੇ ਬੰਦ ਦੇ ਸੱਦੇ ਦਾ ਸਮਰਥਨ ਕਰਦਿਆਂ ਜੁਆਇੰਟ ਐਕਸ਼ਨ ਕਮੇਟੀ, ਕਰਮਚਾਰੀ ਸੰਘ ਏ ਅਤੇ ਬੀ ਕਲਾਸ ਦੇ ਨੁਮਾਇੰਦੇ ਅਤੇ ਵਿਦਿਆਰਥੀ ਜਥੇਬੰਦੀਆਂ ਐੱਸਐੱਫਆਈ, ਪੀਐੱਸਯੂ, ਪੀਐੱਸਯੂ (ਲਲਕਾਰ), ਅਤੇ ਏਆਈਐੱਸਐੱਫ ਵੱਲੋਂ ਅੱਜ ਸਵੇਰ ਕਾਫੀ ਚਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਮੇਨ ਗੇਟ ਬੰਦ ਰਖਿਆ ਗਿਆ।
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਆਮ ਆਦਮੀ ਪਾਰਟੀ ਪਟਿਆਲਾ ਦਿਹਾਤੀ ਦੀ ਟੀਮ ਨੇ ਪ੍ਰੀਤੀ ਮਲਹੋਤਰਾ ਦੀ ਅਗਵਾਈ ਵਿੱਚ ਸਥਾਨਕ ਤ੍ਰਿਪੜੀ ਬਾਜ਼ਾਰ ਵਿੱਚ ਖੇਤੀ ਵਿਰੋਧੀ ਬਿੱਲਾਂ ਨੂੰ ਕਾਲੇ ਕਾਨੂੰਨ ਕਰਾਰ ਦਿੰਦਿਆਂ ਨਾਅਰੇਬਾਜ਼ੀ ਕੀਤੀ ਅਤੇ ਮੋਦੀ-ਕੈਪਟਨ-ਸੁਖਬੀਰ ਦਾ ਸਾਂਝਾ ਪੁਤਲਾ ਫੂਕਿਆ।
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਤਿੰਨ ਖੇਤੀ ਬਿੱਲਾਂ ਖ਼ਿਲਾਫ਼ ਪੰਜਾਬ ਬੰਦ ਦੇ ਸੱਦੇ ਨੂੰ ਮਾਲੇਰਕੋਟਲਾ ਵਿੱਚ ਭਰਵਾਂ ਤੇ ਅਮਨਪੂਰਵਕ ਹੁੰਗਾਰਾ ਮਿਲਿਆ। ਸ਼ਹਿਰ ਦੀ ਸਬਜ਼ੀ ਮੰਡੀ ਸਮੇਤ ਸ਼ਹਿਰ ਦੇ ਬਾਜ਼ਾਰ ਮੁਕੰਮਲ ਬੰਦ ਰਹੇ। ਨੇੜਲੇ ਪਿੰਡਾਂ ’ਚ ਵੀ ਮੈਡੀਕਲ ਸਟੋਰ, ਵਰਕਸ਼ਾਪਾਂ, ਪ੍ਰਚੂਨ ਦੀਆਂ ਦੁਕਾਨਾਂ, ਆਟਾ ਚੱਕੀਆਂ ਆਦਿ ਕਾਰੋਬਾਰ ਬੰਦ ਰਹੇ ਤੇ ਸੜਕਾਂ ’ਤੇ ਸੁੰਨ ਪਸਰੀ ਰਹੀ। ਪਿੰਡਾਂ ’ਚੋਂ ਕਿਸਾਨ, ਮਜ਼ਦੂਰ, ਨੌਜਵਾਨ ਟਰਾਲੀਆਂ ਤੇ ਹੋਰ ਵਾਹਨਾਂ ਰਾਹੀਂ ਧਰਨਾ ਸਥਾਨਾਂ ’ਤੇ ਪੁੱਜੇ। ਸਾਰਾ ਦਿਨ ਸੜਕਾਂ ’ਤੇ ਸੁੰਨ ਪਸਰੀ ਰਹੀ। ਭਾਜਪਾ ਨੂੰ ਛੱਡ ਕੇ ਵੱਖ-ਵੱਖ ਰਾਜਨੀਤਕ ਪਾਰਟੀਆਂ, ਮੁਲਾਜ਼ਮ ,ਵਿਦਿਆਰਥੀ, ਨੌਜਵਾਨ, ਜਮਹੂਰੀ , ਵਪਾਰਕ ਜੱਥੇਬੰਦੀਆਂ, ਟਰਾਂਸਪੋਰਟ ਸੰਗਠਨਾਂ ਤੋਂ ਇਲਾਵਾ ਸਮਾਜਿਕ ਤੇ ਧਾਰਮਿਕ ਜੱਥੇਬੰਦੀਆਂ ਨੇ ਵੱਖ ਵੱਖ ਥਾਵਾਂ ’ਤੇ ਰੋਸ ਧਰਨੇ ਦੇ ਕੇ ਕਿਸਾਨ ਸੰਘਰਸ਼ ਨਾਲ ਇੱਕਮੁਠਤਾ ਪ੍ਰਗਟਾਈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਮਾਲੇਰਕੋਟਲਾ-ਲੁਧਿਆਣਾ ਰੋਡ ਸਥਿਤ ਪਿੰਡ ਭੋਗੀਵਾਲ ਵਿੱਚ ਧਰਨਾ ਦੇ ਕੇ ਸੜਕ ਜਾਮ ਕੀਤੀ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਸ਼ੇਰਪੁਰ (ਬੀਰਬਲ ਰਿਸ਼ੀ): ਵਪਾਰੀਆਂ ਨੇ ਅੱਜ ਕਿਸਾਨਾਂ ਦੇ ਸੰਘਰਸ਼ ਨੂੰ ਡਟਵੀਂ ਹਮਾਇਤ ਦਿੰਦਿਆਂ ਖੇਤੀ ਆਰਡੀਨੈਂਸਾਂ ਵਿਰੁੱਧ ਆਪਣੇ ਕਾਰੋਬਾਰ ਠੱਪ ਕਰਕੇ ਸ਼ੇਰਪੁਰ ਨੂੰ ਮੁਕੰਮਲ ਬੰਦ ਰੱਖਿਆ, ਜਦੋਂਕਿ ਇਲਾਕੇ ਦੇ ਪਿੰਡਾਂ ਤੋਂ ਵੱਡੀ ਗਿਣਤੀ ਕਿਸਾਨਾਂ, ਮਜ਼ਦੂਰਾਂ, ਔਰਤਾਂ, ਧਾਰਮਿਕ ਅਤੇ ਸਿਆਸੀ ਪਾਰਟੀਆਂ ਦੇ ਆਗੂ ਵਰਕਰਾਂ ਸ਼ੇਰਪੁਰ ਦੇ ਕਾਤਰੋਂ ਚੌਂਕ ਵਿੱਚ ਲਗਾਏ ਧਰਨੇ ਵਿੱਚ ਸ਼ਮੂਲੀਅਤ ਕੀਤੀ। ਇਸ ਧਰਨੇ ਨੂੰ ਬੀਕੇਯੂ (ਡਕੌਂਦਾ) ਦੇ ਸੂਬਾਈ ਆਗੂ ਮਨਜੀਤ ਧਨੇਰ, ਕਾ. ਸੁਖਦੇਵ ਬੜੀ, ਬਲਾਕ ਪ੍ਰਧਾਨ ਕਰਮਜੀਤ ਛੰਨਾਂ, ਵਪਾਰ ਮੰਡਲ ਦੇ ਪ੍ਰਧਾਨ ਮਨਦੀਪ ਖੀਪਲ, ਆਗੂ ਦਰਸ਼ਨ ਕਾਤਰੋਂ, ਸਮਸ਼ੇਰ ਈਸਾਪੁਰ, ਆਂਗਣਵਾੜੀ ਯੂਨੀਅਨ ਦੇ ਦੀ ਬੀਬੀ ਸਿੰਦਰ ਕੌਰ ਬੜੀ, ਬਲਵੰਤ ਛੰਨਾ, ਸਮਾਜ ਸੇਵੀ ਜੱਸੀ ਪੇਧਨੀ ਨੇ ਸੰਬੋਧਨ ਕੀਤਾ। ਸਟੇਜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਅਕਾਲੀ ਆਗੂ ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਅਕਾਲੀ ਦਲ ਡੈਮੋਕਰੇਟਿਕ ਦੇ ਆਗੂ ਗੁਰਜੀਤ ਸਿੰਘ ਚਾਂਗਲੀ, ਗੁਰਮੀਤ ਸਿੰਘ ਮਾਹਮਦਪੁਰ ਸਣੇ ਸਿਆਸੀ ਆਗੂਆਂ ਨੂੰ ਸਟੇਜ ਤੋਂ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ, ਜਿਸਦਾ ਉਨ੍ਹਾਂ ਨੇ ਬੁਰਾ ਮਨਾਇਆ।
ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਖੇਤੀ ਸੋਧ ਬਿਲਾਂ ਖ਼ਿਲਾਫ਼ ਇੱਥੇ ਬੱਸ ਅੱਡੇ ਨੇੜੇ ਕਿਸਾਨਾਂ ਤੇ ਹੋਰ ਭਰਾਤਰੀ ਜਥੇਬੰਦੀਆਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਧਰਨਾ ਲਾ ਕੇ ਟਰੈਫਿਕ ਜਾਮ ਕੀਤੀ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹਲਕਾ ਦਿੜ੍ਹਬਾ ਇਕਾਈ ਵੱਲੋਂ ਹਲਕਾ ਇੰਚਾਰਜ ਗੁਲਜ਼ਾਰੀ ਮੂਣਕ ਦੀ ਅਗਵਾਈ ਹੇਠ ਖੇਤੀ ਬਿਲਾਂ ਖਿਲਾਫ਼ ਦਿੱਲੀ-ਲੁਧਿਆਣਾ ਕੌਮੀ ਮਾਰਗ ’ਤੇ ਚੱਕਾ ਜਾਮ ਕਰਕੇ ਚਾਰ ਘੰਟੇ ਰੋਸ ਧਰਨਾ ਦਿੱਤਾ ਗਿਆ। ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਲੋਕਾਂ ਦੇ ਰੋਹ ਅੱਗੇ ਗੋਡੇ ਟੇਕਣੇ ਪੈਣਗੇ।
ਧੂਰੀ (ਹਰਦੀਪ ਸੋਢੀ/ਪਵਨ ਕੁਮਾਰ ਵਰਮਾ): ਕੇਂਦਰ ਸਰਕਾਰ ਵੱਲੋਂ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਅੱਜ ਪੰਜਾਬ ਬੰਦ ਦੇ ਸੱਦੇ ’ਤੇ ਧੂਰੀ ਸ਼ਹਿਰ ਦੇ ਸਾਰੇ ਬਾਜ਼ਾਰ ਮੁਕੰਮਲ ਬੰਦ ਰਹੇ ਅਤੇ ਖੇਤੀ ਬਿੱਲਾਂ ਦੇ ਰੋਸ ’ਚ ਕੱਕੜਵਾਲ ਚੌਕ ਧੂਰੀ ਵਿੱਚ ਵੱਖ-ਵੱਖ ਕਿਸਾਨ ਜੱਥੇਬੰਦੀਆਂ, ਆੜ੍ਹਤੀ ਐਸੋਸੀਏਸ਼ਨ ਧੂਰੀ, ਵਪਾਰ ਮੰਡਲ, ਗੱਲਾ ਮਜ਼ਦੂਰ ਯੂਨੀਅਨ ਤੇ ਮੁਨੀਮ ਐਸੋਸੀਏਸ਼ਨ ਦੇ ਆਗੂਆਂ ਵੱਲੋਂ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਗਈ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਪੰਜਾਬ ਦੇ ਵੱਖ ਵੱਖ ਕਿਸਾਨ, ਮੁਲਾਜ਼ਮ ਜਥੇਬੰਦੀ, ਆੜ੍ਹਤੀ ਯੂਨੀਅਨ ਤੇ ਜਨਤਕ ਜਮਹੂਰੀ ਜਥੇਬੰਦੀਆਂ ਦੇ ਸੱਦੇ ’ਤੇ ਅੱਜ ਲਹਿਰਾਗਾਗਾ ਇਲਾਕੇ ’ਚ ਪੂਰਨ ਬੰਦ ਰਿਹਾ। ਇਥੇ ਸ਼ਹਿਰ ’ਚ ਸ਼ੰਪੂਰਨ ਬੰਦ ’ਚ ਕੈਮਿਸਟਾਂ, ਲੈਬਾਰਟਰੀਆਂ, ਸਬਜ਼ੀ ਵਾਲਿਆਂ, ਚਾਹ ਦੁਕਾਨਾਂ, ਸਬਜ਼ੀ ਮੰਡੀ, ਬੱਸ ਸਰਵਿਸ ਬੰਦ ਰੱਖਕੇ ਕਿਸਾਨਾਂ ਦਾ ਪੂਰਾ ਸਾਥ ਦਿੱਤਾ।
ਘਨੌਰ (ਗੁਰਪ੍ਰੀਤ ਸਿੰਘ): ਕੇਂਦਰ ਦੀ ਭਾਜਪਾ ਸਰਕਾਰ ਵਲੋਂ ਕਿਸਾਨ ਵਿਰੋਧੀ ਖੇਤੀ ਬਿੱਲਾਂ ਦੇ ਖਿਲਾਫ ਦਿੱਤੇ ਗਏ ਸੱਦੇ ’ਤੇ ਸ਼੍ਰੋਮਣੀ ਅਕਾਲੀ ਦਲ ਨੇ ਘਨੌਰ-ਸ਼ੰਭੂ ਰੋਡ ’ਤੇ ਨਰਵਾਣਾ ਨਹਿਰੀ ਪੁੱਲ ਉਪਰ ਸ਼੍ਰੋਮਣੀ ਅਕਾਲੀ ਦਲ ਦੀ ਸਾਬਕਾ ਵਿਧਾਇਕ ਹਰਪ੍ਰੀਤ ਕੌਰ ਮੁਖਮੈਲਪੁਰ, ਅਵਤਾਰ ਸਿੰਘ ਕਪੂਰੀ, ਲਾਲ ਸਿੰਘ ਮਰਦਾਂਪੁਰ, ਯੂਥ ਅਕਾਲੀ ਆਗੂ ਹੈਰੀ ਮੁਖਮੈਲਪੁਰ ਦੀ ਸਾਂਝੀ ਅਗਵਾਈ ਵਿੱਚ ਸੜਕੀ ਆਵਾਜਾਈ ਠੱਪ ਕਰਕੇ ਕੇਂਦਰ ਸਰਕਾਰ ਖਿਲਾਫ ਰੋਸ ਧਰਨਾ ਦਿੱਤਾ।
ਲੌਂਗੋਵਾਲ (ਜਗਤਾਰ ਸਿੰਘ ਨਹਿਲ): ਖੇਤੀ ਬਿੱਲਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦੇ ਬੰਦ ਦੇ ਸੱਦੇ ਦੌਰਾਨ ਅੱਜ ਲੌਂਗੋਵਾਲ ਇਲਾਕਾ ਮੁਕੰਮਲ ਤੌਰ ’ਤੇ ਬੰਦ ਰਿਹਾ। ਇਸ ਬੰਦ ਦਾ ਵੱਡਾ ਅਸਰ ਪਿੰਡਾਂ ਵਿੱਚ ਵੀ ਵੇਖਣ ਨੂੰ ਮਿਲਿਆ। ਨੇੜਲੇ ਪਿੰਡਾਂ ਸ਼ੇਰੋਂ, ਨਮੋਲ, ਢੱਡਰੀਆਂ, ਲੋਹਾਖੇੜਾ, ਬੁੱਗਰਾਂ, ਮੰਡੇਰ ਕਲਾਂ, ਮੰਡੇਰ ਖ਼ੁਰਦ, ਸਾਹੋ ਕੇ, ਰੱਤੋ ਕੇ, ਤਕੀਪੁਰ, ਤੋਗਾਵਾਲ ਆਦਿ ਪਿੰਡਾਂ ਵਿੱਚ ਦੁਕਾਨਾਂ ਸਮੇਤ ਸੰਪੂਰਨ ਅਦਾਰੇ ਬੰਦ ਰਹੇ। ਕਿਸਾਨ ਜਥੇਬੰਦੀਆਂ ਵੱਲੋਂ ਬੰਦ ਦੇ ਸੱਦੇ ਦਾ ਸਮਰਥਨ ਕਰਦਿਆਂ ਟੈਕਨੀਕਲ ਸਰਵਿਸ ਯੂਨੀਅਨ ਨੇ ਅੱਜ ਪਾਵਰਕੌਮ ਦਫ਼ਤਰ ਲੌਂਗੋਵਾਲ ਵਿੱਚ ਮੋਦੀ ਸਰਕਾਰ ਦਾ ਪੁਤਲਾ ਸਾੜਿਆ।
ਸਮਾਣਾ (ਸੁਭਾਸ਼ ਚੰਦਰ): ਪੰਜਾਬ ਬੰਦ ਦੇ ਸੱਦੇ ’ਤੇ ਸਮਾਣਾ ਇਲਾਕੇ ਦੇ ਪਿੰਡਾਂ ਵਿਚੋਂ ਹਜ਼ਾਰਾਂ ਕਿਸਾਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਚੌਕ ਵਿੱਚ ਵਿਸ਼ਾਲ ਧਰਨਾ ਲਾ ਕੇ ਕਿਸਾਨ ਵਿਰੋਧੀ ਬਿਲਾਂ ਨੂੰ ਰੱਦ ਕਰਨ ਲਈ ਇੱਕਜੁੱਟ ਅਵਾਜ਼ ਉਠਾਈ। ਇਸ ਬੰਦ ਦੌਰਾਨ ਸਮਾਣਾ ਸ਼ਹਿਰ ਦੇ ਬਜ਼ਾਰ ਤੇ ਆਮ ਆਵਾਜਾਈ ਵੀ ਪੂਰਨ ਬੰਦ ਰਹੀ।
ਔਰਤਾਂ ਨੇ ਪ੍ਰਦਰਸ਼ਨਕਾਰੀਆਂ ਲਈ ਲੰਗਰ ਲਾਇਆ
ਮੰਡੀ ਅਹਿਮਦਗੜ੍ਹ (ਮਹੇਸ਼ ਸ਼ਰਮਾ): ਇਲਾਕੇ ਦੀਆਂ ਔਰਤਾਂ ਨੇ ਧਰਨਾਕਾਰੀਆਂ ਲਈ ਗੁਰਦੁਆਰਿਆਂ ਵਿੱਚ ਲੰਗਰ ਪਕਾ ਕੇ ਕੇਂਦਰ ਸਰਕਾਰ ਵੱਲੋਂ ਪਾਸ ਖੇਤੀ ਬਿੱਲਾਂ ਖ਼ਿਲਾਫ਼ ਪੰਜਾਬ ਬੰਦ ਦੇ ਐਕਸ਼ਨ ਵਿੱਚ ਯੋਗਦਾਨ ਪਾਇਆ। ਦੂਜੇ ਪਾਸੇ ਜੱਥੇਬੰਦੀਆਂ ਨੇ ਵੀ ਸੜਕਾਂ ’ਤੇ ਧਰਨੇ ਲਈ ਅਜਿਹੀਆਂ ਥਾਵਾਂ ਦੀ ਚੋਣ ਕੀਤੀ ਸੀ ਕਿ ਐਕਸ਼ਨ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਲੰਗਰ-ਪਾਣੀ ਪਹੁੰਚਾਉਣ ’ਚ ਸਮੱਸਿਆ ਨਾ ਆਵੇ। ਇੱਥੇ ਲੁਧਿਆਣਾ-ਮਾਲੇਰਕੋਟਲਾ ਸੜਕ ’ਤੇ ਗਿੱਲ, ਡੇਹਲੋਂ, ਪੋਹੀੜ, ਜਗੇੜਾ, ਕੁੱਪ ਅਤੇ ਭੋਗੀਵਾਲ ਆਦਿ ਚੌਂਕਾਂ ਵਿੱਚ ਧਰਨੇ ਦਿੱਤੇ ਗਏ। ਲੰਗਰ ਤਿਆਰ ਕਰਵਾਉਣ ਵਿੱਚ ਮਹਿਲਾਵਾਂ ਅਤੇ ਬਿਰਧ ਮਸ਼ਰੂਫ਼ ਸਨ।
ਅਕਾਲੀ ਦਲ ਨੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਿਆ
ਅਮਰਗੜ੍ਹ (ਰਾਜਿੰਦਰ ਜੈਦਕਾ): ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਖੇਤੀ ਆਰਡੀਨੈੱਸਾਂ ਖ਼ਿਲਾਫ਼ ਇਸ ਹਲਕੇ ਵਿੱਚ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਵਿੱਚ ਚੌਂਦਾ ਮੌੜ ’ਤੇ ਧਰਨਾ ਲਾਇਆ ਗਿਆ। ਇਸ ਵਿੱਚ ਅਹਿਮਦਗੜ੍ਹ, ਕੁੱਪ ਤੇ ਅਮਰਗੜ੍ਹ ਇਲਾਕੇ ਦੇ ਅਕਾਲੀ ਵਰਕਰਾਂ ਨੇ ਭਾਗ ਲਿਆ। ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਦਿਆਂ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਜਸਵੀਰ ਸਿੰਘ ਦਿਉਲ ਨੇ ਕਿਹਾ ਕਿ ਅਕਾਲੀ ਦਲ ਕੋਲ ਹੁਣ ਭਾਜਪਾ ਨਾਲੋਂ ਤੋੜ-ਵਿਛੋੜਾ ਕਰਨ ਦਾ ਸਮਾਂ ਹੈ। ਦੂਜੇ ਪਾਸੇ ਅਧਿਆਪਕ ਦਲ (ਜਹਾਂਗੀਰ) ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਆਰਡੀਨੈੱਸਾਂ ਖਿਲਾਫ਼ ਆਵਾਜ਼ ਬੁਲੰਦ ਕੀਤੀ ਹੈ।
ਪਾਤੜਾਂ (ਗੁਰਨਾਮ ਸਿੰਘ ਚੌਹਾਨ): ‘ਪੰਜਾਬ ਬੰਦ’ ਨੂੰ ਪਾਤੜਾਂ ਵਿੱਚ ਭਰਵਾਂ ਹੁੰਗਾਰਾ ਮਿਲਿਆ। ਬਾਜ਼ਾਰਾਂ ਤੋਂ ਲੈ ਰੇੜ੍ਹੀਆਂ-ਫੜ੍ਹੀਆਂ ਤੇ ਕਾਰੋਬਾਰ ਠੱਪ ਰਹਿਣ ਦੇ ਨਾਲ-ਨਾਲ ਸੜਕਾਂ ’ਤੇ ਆਵਾਜਾਈ ਬੰਦ ਰਹੀ। ਬੰਦ ਦੇ ਹਮਾਇਤੀਆਂ ਨੇ ਸ਼ਹੀਦ ਭਗਤ ਸਿੰਘ ਚੌਕ ਵਿੱਚ ਧਰਨੇ ਦੇ ਕੇ ਦਰਜਨਾਂ ਥਾਵਾਂ ’ਤੇ ਆਵਾਜਾਈ ਠੱਪ ਕੀਤੀ ਗਈ। ਵਪਾਰੀਆਂ, ਦੁਕਾਨਦਾਰਾਂ, ਸਿਆਸੀ ਪਾਰਟੀਆਂ, ਸਰਕਾਰੀ ਤੇ ਪ੍ਰਾਈਵੇਟ ਮੁਲਾਜ਼ਮ ਜਥੇਬੰਦੀਆਂ, ਵਿਦਿਆਰਥੀਆਂ, ਆੜ੍ਹਤੀਆਂ, ਮਜ਼ਦੂਰਾਂ ਤੇ ਹੋਰ ਬਹੁਤ ਸਾਰੇ ਵਰਗਾਂ ਵੱਲੋਂ ਬੰਦ ਨੂੰ ਭਰਪੂਰ ਸਮਰਥਨ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਥੇ ਸੰਗਰੂਰ ਕੈਂਚੀਆਂ ਵਿੱਚ ਦਿੱਤੇ ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਬੀਬੀ ਵਨਿੰਦਰ ਕੌਰ ਲੂੰਬਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਬਿੱਲ ਖ਼ਿਲਾਫ਼ ਸਿਆਸੀ ਗੈਰ-ਸਿਆਸੀ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਸਾਂਝਾ ਸੰਘਰਸ਼ ਲੜਿਆ ਜਾ ਰਿਹਾ ਹੈ। ਇਸ ਦੌਰਾਨ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਸਾਨ ਹਿੱਤਾਂ ਨੂੰ ਮੁੱਖ ਰੱਖਦਿਆਂ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਕੇ ਨਵਾਂ ਇਤਿਹਾਸ ਸਿਰਜਿਆ ਹੈ।
ਨਾਭਾ (ਜੈਸਮੀਨ ਭਾਰਦਵਾਜ) : ਸ਼੍ਰੋਮਣੀ ਅਕਾਲੀ ਦਲ ਦੇ ਸੱਦੇ ਅਨੁਸਾਰ ਪਾਰਟੀ ਦੀ ਦੋਫਾੜ ਹੋਈ ਨਾਭਾ ਇਕਾਈ ਵੱਲੋ ਵੱਖ ਵੱਖ ਥਾਵੇਂ ਧਰਨਾ ਦਿੱਤਾ ਗਿਆ। ਪਾਰਟੀ ਦੇ ਹਲਕਾ ਮੁਖੀ ਕਬੀਰ ਦਾਸ ਦੀ ਅਗਵਾਹੀ ਵਿਚ ਪਟਿਆਲਾ ਗੇਟ ਕੋਲ ਅਤੇ ਸਾਬਕਾ ਹਲਕਾ ਮੁਖੀ ਮੱਖਣ ਸਿੰਘ ਲਾਲਕਾ ਦੀ ਅਗਵਾਹੀ ਵਿਚ ਬੌੜਾਂ ਗੇਟ ਚੌਕ ਵਿਖੇ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਗਿਆ। ਹਾਲਾਂਕਿ ਦੋਨੋ ਹੀ ਧਰਨਿਆਂ ਵਿਚ ਇਕੱਠ ਕੁਝ ਖਾਸ ਦਿਖਾਈ ਨਹੀਂ ਦਿੱਤਾ। ਆਗੂਆਂ ਨੇ ਦਾ ਕਹਿਣਾ ਹੈ ਕਿ ਕਿਸਾਨ ਜਾਣਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਹੀ ਉਨ੍ਹਾਂ ਦੀ ਹਿਤਾਂ ਦਾ ਖਿਆਲ ਰੱਖਣ ਵਾਲੀ ਪਾਰਟੀ ਹੈ।
ਰਾਜਪੁਰਾ (ਬਹਾਦਰ ਸਿੰਘ ਮਰਦਾਂਪੁਰ): ਕਿਸਾਨ ਵਿਰੋਧੀ ਖੇਤੀ ਬਿੱਲਾਂ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਥੋਂ ਦੇ ਗਗਨ ਚੌਂਕ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ਼ ਰੋਸ ਧਰਨਾ ਦਿੱਤਾ ਗਿਆ। ਜਿਸ ਵਿੱਚ ਵੱਡੀ ਗਿਣਤੀ ਅਕਾਲੀ ਕਾਰਕੂੰਨ ਸ਼ਾਮਿਲ ਹੋਏ।ਧਰਨਾਕਾਰੀਆਂ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ, ਸਰਕਲ ਪ੍ਰਧਾਨ ਰਣਜੀਤ ਸਿੰਘ ਰਾਣਾ, ਇਸਤਰੀ ਅਕਾਲੀ ਆਗੂ ਬੀਬੀ ਬਲਵਿੰਦਰ ਕੌਰ ਚੀਮਾ, ਅਸ਼ੋਕ ਕੁਮਾਰ ਖੇੜਾ ਗੱਜੂ, ਅਰਵਿੰਦਰਪਾਲ ਸਿੰਘ ਰਾਜੂ, ਸਾਧੂ ਸਿੰਘ ਖਲੌਰ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਪੰਜਾਬ ਦਾ ਕਿਸਾਨ ਅੱਜ ਸੜਕਾਂ ’ਤੇ ਰੁਲਣ ਲਈ ਮਜਬੂਰ ਹੋ ਗਿਆ ਹੈ।