ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 7 ਮਾਰਚ
ਮੋਦੀ ਸਰਕਾਰ ਨਾ ਤਾਂ ਜੰਗ ਬੰਦੀ ਲਈ ਰੂਸ ਉਤੇ ਭਾਰਤ ਵਲੋਂ ਕੂਟਨੀਤਕ ਦਬਾਅ ਪਾ ਸਕੀ ਹੈ ਅਤੇ ਨਾ ਹੀ ਸਮੇਂ ਸਿਰ ਯੁੂਕਰੇਨ ਵਿਚਲੇ ਭਾਰਤੀ ਨਾਗਰਿਕਾਂ ਖਾਸ ਕਰਕੇ ਸਾਡੇ ਵਿਦਿਆਰਥੀਆਂ ਨੂੰ ਉਥੇ ਸੁਰੱਖਿਅਤ ਬਾਹਰ ਕੱਢਣ ਲਈ ਢੁੱਕਵੇਂ ਪ੍ਰਬੰਧ ਕਰ ਸਕੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉਘੇ ਕਮਿਉੂਨਿਸਟ ਆਗੂ ਤੇ ਸੀਪੀਆਈ (ਐਮ ਐਲ) ਲਬਿਰੇਸ਼ਨ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਦੀਪਾਂਕਰ ਭੱਟਾਚਾਰੀਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਉਹ ਪਾਰਟੀ ਦੇ ਪੋਲਿਟ ਬਿਊਰੋ ਮੈਂਬਰ ਕਾਮਰੇਡ ਪ੍ਰਭਾਤ ਚੌਧਰੀ ਸਮੇਤ ਅੱਜ ਇਥੇ ਸਮਾਪਤ ਹੋਈ ਲਬਿਰੇਸ਼ਨ ਦੀ ਪੰਜਾਬ ਸੂਬਾ ਕਮੇਟੀ ਦੀ ਦੋ ਰੋਜ਼ਾ ਮੀਟਿੰਗ ਵਿਚ ਸ਼ਾਮਲ ਹੋਣ ਲਈ ਪਹੁੰਚੇ ਸਨ। ਮੀਟਿੰਗ ਦੇ ਇਕ ਮਤੇ ਵਿਚ ਮੋਦੀ ਸਰਕਾਰ ਵਲੋਂ ਮਨਮਾਨੇ ਢੰਗ ਨਾਲ ਬੀਬੀਐਮਬੀ ਐਕਟ ਵਿਚ ਸੋਧ ਕਰਕੇ ਪੰਜਾਬ ਦੇ ਹਿੱਤਾਂ ਉਤੇ ਸਿੱਧੀ ਸੱਟ ਮਾਰਨ ਨੂੰ ਬੀਜੇਪੀ ਦੀ ਫੈਡਰਲ ਢਾਂਚੇ ਅਤੇ ਘੱਟਗਿਣਤੀ ਵਿਰੋਧੀ ਵਿਚਾਰਧਾਰਾ ਦੀ ਖੁੱਲੀ ਨੁਮਾਇਸ਼ ਕਰਾਰ ਦਿੱਤਾ ਹੈ। ਮਤੇ ਵਿਚ ਕਿਹਾ ਗਿਆ ਹੈ ਕਿ ਇਹ ਪੰਜਾਬ ਨੂੰ ਤਿੰਨ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਅੰਦੋਲਨ ਵਿਚ ਮੋਹਰੀ ਭੂਮਿਕਾ ਨਿਭਾਉਣ ਬਦਲੇ ਦਿੱਤੀ ਗਈ ਸਜ਼ਾ ਹੈ।