ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 26 ਦਸੰਬਰ
ਲੋਕ ਭਲਾਈ ਚੈਰੀਟੇਬਲ ਟਰੱਸਟ ਵੱਲੋਂ ਪ੍ਰਧਾਨ ਜਗਦੀਸ਼ ਕੁਮਾਰ ਜੱਗਾ ਦੀ ਅਗਵਾਈ ਹੇਠ ਮਹੀਨਾਵਾਰ ਪੈਨਸ਼ਨ ਵੰਡ ਸਮਾਗਮ ਕਰਵਾਇਆ ਗਿਆ ਜਿਸ ਵਿੱਚ 1000 ਬਜ਼ੁਰਗ ਮਹਿਲਾਵਾਂ ਨੂੰ ਪੈਨਸ਼ਨ ਵੰਡੀ ਗਈ। ਇਸ ਮੌਕੇ ਸੁਧੀਰ ਕੁਮਾਰ ਪ੍ਰਧਾਨ ਸੇਵਾ ਭਾਰਤੀ ਨੇ ਮੁੱਖ ਮਹਿਮਾਨ, ਪ੍ਰਦੀਪ ਵਾਸਨ ਜਨਰਲ ਸਕੱਤਰ, ਨਵਦੀਪ ਅਰੋੜਾ, ਮਹਿੰਦਰ, ਪ੍ਰੇਮ ਛਾਬੜਾ, ਰਾਜਨ, ਵਿਪਨ ਤੇ ਐਡਵੋਕੇਟ ਰਾਜਿੰਦਰ ਨੂਰੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ’ਚ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕੀਤਾ ਗਿਆ ਅਤੇ ਉਨ੍ਹਾਂ ਦੀ ਯਾਦ ਵਿੱਚ ਕੜੀ ਚਾਵਲ ਦਾ ਅਤੁੱਟ ਲੰਗਰ ਲਾਇਆ ਗਿਆ। ਇਸ ਮੌਕੇ ਸ੍ਰੀ ਜੱਗਾ ਨੇ ਕਿਹਾ ਕਿ ਉਹ ਵਿਧਾਨ ਸਭਾ ਚੋਣਾਂ ਵਿੱਚ ਹਿੱਸਾ ਲੈਣਗੇ। ਉਨ੍ਹਾਂ ਆਪਣੇ ਸਿਆਸੀ ਵਿਰੋਧੀ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੂੰ ਉਨ੍ਹਾਂ ਦੇ ਮੁਕਾਬਲੇ ਚੋਣ ਲੜਨ ਦੀ ਚੁਣੌਤੀ ਦਿੱਤੀ।