ਪਟਿਆਲਾ: ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਪਟਿਆਲਾ ਜ਼ਿਲ੍ਹੇ ’ਚ ਪਹਿਲੀ ਮਾਰਚ ਤੋਂ ਇਨਡੋਰ ਇਕੱਠਾਂ ਦੌਰਾਨ ਵਿਅਕਤੀਆਂ ਦੀ ਗਿਣਤੀ 100 ਅਤੇ ਆਊਟਡੋਰ ਇਕੱਠਾਂ ਵਿੱਚ 200 ਵਿਅਕਤੀਆਂ ਤਕ ਗਿਣਤੀ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੋਵਿਡ-19 ਦੇ ਮੱਦੇਨਜ਼ਰ ਜਨਤਕ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਪਟਿਆਲਾ ਜ਼ਿਲ੍ਹੇ ਵਿੱਚ ਇਹ ਪਾਬੰਦੀਆਂ ਪਹਿਲੀ ਮਾਰਚ ਤੋਂ ਲਾਗੂ ਹੋਣਗੀਆਂ। ਗ੍ਰਹਿ ਵਿਭਾਗ ਦੇ ਹਵਾਲੇ ਨਾਲ ਜਾਰੀ ਕੀਤੇ ਗਏ ਇਨ੍ਹਾਂ ਆਦੇਸ਼ਾਂ ਅਨੁਸਾਰ ਵੱਖ-ਵੱਖ ਇਨਡੋਰ ਅਤੇ ਆਊਟਡੋਰ ਇਕੱਠਾਂ ਵਿਚ ਵਿਅਕਤੀਆਂ ਦੀ ਗਿਣਤੀ 100 ਅਤੇ 200 ਤੱਕ ਸੀਮਤ ਰੱਖੀ ਜਾਵੇਗੀ। ਇਸ ਦੇ ਨਾਲ ਹੀ ਕੋਵਿਡ ਤੋਂ ਬਚਾਅ ਲਈ ਸਮਾਜਿਕ ਦੂਰੀ (ਦੋ ਗਜ਼ ਦੀ ਦੂਰੀ) ਦੀ ਪਾਲਣਾ, ਬਾਜ਼ਾਰਾਂ ਤੇ ਜਨਤਕ ਆਵਾਜਾਈ ’ਚ ਭੀੜ ਨੂੰ ਨਿਯਮਤ ਕਰਨਾ ਅਤੇ ਮੂੰਹ ’ਤੇ ਮਾਸਕ ਪਹਿਨਣਾ ਤੇ ਜਨਤਕ ਤੌਰ ’ਤੇ ਨਾ ਥੁੱਕਣ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਤਾਕੀਦ ਵੀ ਕੀਤੀ ਗਈ ਹੈ। ਇਨ੍ਹਾਂ ਨਿਰਦੇਸ਼ਾਂ ਦੀ ਉਲੰਘਣਾ ਕਰਨ ’ਤੇ ‘ਡਿਜਾਸਟਰ ਮੈਨੇਜਮੈਂਟ ਐਕਟ-2005 ਦੀ ਧਾਰਾ 51 ਤੋਂ 60 ਅਧੀਨ ਸਜ਼ਾਯੋਗ ਕਾਰਵਾਈ ਅਤੇ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। -ਖੇਤਰੀ ਪ੍ਰਤੀਨਿਧ