ਖੇਤਰੀ ਪ੍ਰਤੀਨਿਧ/ਪੱਤਰ ਪ੍ਰੇਰਕ
ਪਟਿਆਲਾ, 10 ਸਤੰਬਰ
ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਵੱਲੋਂ 9 ਸਤੰਬਰ ਨੂੰ ਇੱਕ ਆਨਲਾਈਨ ਸਮਾਗਮ ਵਿੱਚ ਜਾਰੀ ਕੀਤੀ ਨਿਰਫ਼ ਰੈਂਕਿੰਗ 2021 ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫਾਰਮਾਸਿਊਟੀਕਲ ਸਾਇੰਸਜ਼ ਅਤੇ ਡਰੱਗ ਰਿਸਰਚ ਵਿਭਾਗ ਨੂੰ ਸਮੁੱਚੇ ਭਾਰਤ ਦੀਆਂ ਫਾਰਮੇਸੀ ਸੰਸਥਾਵਾਂ ਵਿੱਚ 18ਵਾਂ ਸਥਾਨ ਹਾਸਲ ਹੋਇਆ ਹੈ ਜੋ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ। ਇਸ ਵਿਭਾਗ ਨੇ ਆਪਣੀ ਪਿਛਲੇ ਸਾਲ ਦੀ ਦਰਜਾਬੰਦੀ ਵਿੱਚ ਸੁਧਾਰ ਕੀਤਾ ਹੈ ਅਤੇ ਇਸ ਵੇਲੇ ਇਹ ਵਿਭਾਗ ਪੰਜਾਬ ਵਿਚੋਂ ਤੀਸਰੇ ਸਥਾਨ ਉੱਪਰ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਅਰਵਿੰਦ ਨੇ ਇਸ ਪ੍ਰਾਪਤੀ ’ਤੇ ਵਿਭਾਗ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ ਹੈ। ਡੀਨ ਖੋਜ ਡਾ. ਅਸ਼ੋਕ ਕੁਮਾਰ ਤਿਵਾੜੀ ਜੋ ਕਿ ਇਸੇ ਵਿਭਾਗ ਨਾਲ ਸਬੰਧਿਤ ਹਨ, ਨੇ ਦੱਸਿਆ ਕਿ ਵਿਭਾਗ ਨੂੰ ਬਾਇਓਟੈਕਨਾਲੋਜੀ ਵਿਭਾਗ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਵੱਲੋਂ 70 ਲੱਖ ਦੇ ਅਹਿਮ ਪ੍ਰਾਜੈਕਟਾਂ ਨਾਲ ਨਿਵਾਜਿਆ ਗਿਆ ਸੀ। ਜ਼ਿਕਰਯੋਗ ਹੈ ਕਿ ਕਾਲਜਾਂ , ਯੂਨੀਵਰਸਿਟੀਆਂ ਅਤੇ ਹੋਰਨਾਂ ਵਿੱਦਿਅਕ ਸੰਸਥਾਵਾਂ ਨੂੰ ਦਰਜਾ ਦੇਣ ਲਈ ਜਿਨ੍ਹਾਂ ਸ਼੍ਰੇਣੀਆਂ ਨੂੰ ਅਧਾਰ ਬਣਾਇਆ ਗਿਆ ਸੀ ਉਨ੍ਹਾਂ ਵਿਚ ਅਧਿਆਪਨ, ਸਿਖਲਾਈ ਅਤੇ ਸਰੋਤ ਤੇ ਗ੍ਰੈਜੂਏਸ਼ਨ ਦੇ ਨਤੀਜੇ ਆਦਿ ਸ਼ਾਮਲ ਸਨ।