ਰਵੇਲ ਸਿੰਘ ਭਿੰਡਰ
ਪਟਿਆਲਾ, 1 ਅਕਤੂਬਰ
ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ ‘ਪੂਟਾ’ ਦੀਆਂ ਚੋਣਾਂ ’ਚੋਂ ਪ੍ਰੋਗਰੈਸਿਵ ਟੀਚਰਜ਼ ਅਲਾਇੰਸ ‘ਪੀਟੀਏ’ ਨੇ ਵੱਡੀ ਜਿੱਤ ਹਾਸਿਲ ਕਰ ਲਈ ਹੈ। ਪ੍ਰਧਾਨਗੀ ਪਦ ਲਈ ਪੀਟੀਏ ਦੇ ਡਾ. ਨਿਸ਼ਾਨ ਸਿੰਘ ਦਿਓਲ ਨੇ ਟੀਚਰਜ਼ ਯੂਨਾਇਟਿਡ ਫਰੰਟ ‘ਟਫ’ ਦੇ ਉਮੀਦਵਾਰ ਡਾ. ਵਰਿੰਦਰ ਕੁਮਾਰ ਕੌਸ਼ਿਕ ਨੂੰ 119 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ।
ਪੰਜਾਬੀ ਯੂਨੀਵਰਸਿਟੀ ਕੈਂਪਸ ’ਚ ਪੂਟਾ ਦੀ ਚੋਣ ਅੱਜ ਸ਼ਾਂਤੀਪੂਰਵਕ ਨੇਪਰੇ ਚੜਨ ਮਗਰੋਂ ਦੇਰ ਸ਼ਾਮੀ ਆਏ ਨਤੀਜਿਆਂ ਮੁਤਾਬਿਕ ਪੀਟੀਏ ਨੇ ਕਰੀਬ ਹੂੰਝਾ ਫੇਰੂ ਜਿੱਤ ਹਾਸਿਲ ਕੀਤੀ। ਪਿਛਲੀ ਵਾਰ ਪੂਟਾ ’ਤੇ ਕਾਬਜ਼ ਧਿਰ ਐਤਕੀਂ ਕਾਫ਼ੀ ਪਛੜ ਗਈ ਹੈ। ਉਂਜ ਐਤਕੀਂ ਵੀ ਇਸ ਚੋਣ ਪਿੜ ’ਚ ਪੀਟੀਏ ਤੇ ਟਫ਼ ਦਰਮਿਆਨ ਮੁਕਾਬਲਾ ਸੀ। ਪ੍ਰਧਾਨਗੀ ਪਦ ਲਈ ਤਿੰਨ ਉਮੀਦਵਾਰ ਮੈਦਾਨ ’ਚ ਸਨ, ਪਰ ਅਸਲ ਟੱਕਰ ਡਾ. ਦਿਓਲ ਤੇ ਡਾ ਕੌਸ਼ਿਕ ਦਰਮਿਆਨ ਸੀ, ਜਿਸ ’ਚੋਂ ਡਾ. ਦਿਓਲ 294 ਵੋਟਾਂ ਹਾਸਿਲ ਕਰਕੇ ਮੈਦਾਨ ਮੱਲਣ ’ਚ ਕਾਮਯਾਬ ਹੋਏ ਹਨ। ਡਾ. ਕੌਸ਼ਿਕ ਨੂੰ 175 ਵੋਟਾਂ, ਡਾ. ਪੰਕਜ ਮਹਿੰਦਰੂ ਨੂੰ 28 ਵੋਟਾਂ ਜਦੋਂਕਿ 14 ਵੋਟਾਂ ਰੱਦ ਹੋਈਆਂ ਹਨ।
ਮੀਤ ਪ੍ਰਧਾਨ ਲਈ ਡਾ. ਮਨਿੰਦਰ ਸਿੰਘ 286 ਵੋਟਾਂ ਲੈ ਕੇ ਜਿੱਤਣ ’ਚ ਕਾਮਯਾਬ ਹੋਏ। ਮੁਕਾਬਲੇ ਦੇ ਉਮੀਦਵਾਰ ਡਾ. ਗੁਰਜੀਤ ਭੱਠਲ ਨੂੰ 206 ਵੋਟਾਂ ਮਿਲੀਆਂ। ਸਕੱਤਰ ਲਈ ਡਾ. ਅਵਨੀਤਪਾਲ 296 ਵੋਟਾਂ ਲੈ ਕੇ ਜਿੱਤ ਗਏ ਹਨ, ਮੁਕਾਬਲੇ ਦੇ ਉਮੀਦਵਾਰ ਡਾ. ਗੁਰਨਾਮ ਸਿੰਘ ਵਿਰਕ ਨੂੰ 198 ਵੋਟਾਂ ਹਾਸਿਲ ਹੋਈਆਂ। ਜੁਆਇੰਟ ਸਕੱਤਰ ਕਮ ਖਜ਼ਾਨਚੀ ਪਦ ’ਚੋਂ ਡਾ. ਬਲਰਾਜ ਸਿੰਘ ਬਰਾੜ 267 ਵੋਟਾਂ ਲੈ ਕੇ ਜਿੱਤ ਗਏ ਹਨ ਤੇ ਡਾ. ਲਾਲ ਚੰਦ ਨੂੰ 230 ਵੋਟਾਂ ਹਾਸਿਲ ਹੋਈਆਂ ਹਨ। ਕਾਰਜ਼ਕਾਰਨੀ ਦੀ ਟੀਮ ’ਚੋਂ ਵੀ ਪੀਟੀਏ ਹਾਵੀ ਰਹੀ ਹੈ।