ਸਰਬਜੀਤ ਸਿੰਘ ਭੰਗੂ
ਪਟਿਆਲਾ, 14 ਅਕਤੂਬਰ
ਪੰਜਾਬੀ ਯੂਨੀਵਰਸਿਟੀ ਟੀਚਰਜ ਐਸੋਸੀਏਸ਼ਨ (ਪੂਟਾ) ਦੀਆਂ 2021-22 ਦੀਆਂ ਅੱਜ ਹੋਈਆਂ ਚੋਣਾਂ ਦੌਰਾਨ ਪ੍ਰੋਗੈਰਸਿਵ ਟੀਚਰਜ਼ ਅਲਾਇਸ (ਪੀ.ਟੀ.ਏ.) ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਪੀ.ਟੀ.ਏ. ਅਲਾਇਸ ਨੇ ਇਹ ਚੋਣ ਕਨਵੀਨਰ ਡਾ. ਰਾਜਬੰਸ ਸਿੰਘ ਗਿੱਲ, ਕੋ-ਕਨਵੀਨਰ ਡਾ. ਨਿਸ਼ਾਨ ਸਿੰਘ ਦਿਓਲ, ਡਾ. ਧਰਮਵੀਰ ਸ਼ਰਮਾ ਅਤੇ ਡਾ. ਰਜਿੰਦਰ ਸਿੰਘ ਦੀ ਅਗਵਾਈ ਹੇਠਾਂ ਲੜੀ ਹੈ। ਜਿਸ ਦੌਰਾਨ ਇਸ ਅਲਾਈਂਸ ਦੇ ਪ੍ਰਧਾਨਗੀ ਪਦ ਦੇ ਉਮੀਦਵਾਰ ਡਾ. ਭੁਪਿੰਦਰ ਸਿੰਘ ਵਿਰਕ ਜੇਤੂ ਰਹੇ। ਜਿਨ੍ਹਾਂ ਨੇ 281 ਵੋਟਾਂ ਪ੍ਰਾਪਤ ਕਰਕੇ ਟੀਚਰਜ ਯੂਨਾਈਟਿਡ ਫਰੰਟ (ਟੀਯੂਐੱਫ) ਦੇ ਆਗੂ ਡਾ. ਜਸਵਿੰਦਰ ਸਿੰਘ ਬਰਾੜ ਨੂੰ 102 ਵੋਟਾਂ ਦੇ ਫਰਕ ਨਾਲ਼ ਹਰਾਇਆ ਹੈ।
ਜਦੋਂਕਿ ਮੀਤ ਪ੍ਰਧਾਨਗੀ ਦਾ ਅਹੁਦਾ ਜਸਵਿੰਦਰ ਸਿੰਘ ਬਰਾੜ ਤੇ ਟੀਮ ਦੀ ਅਗਵਾਈ ਹੇਠਲੇ ‘ਟੀਚਰਜ ਯੂਨਾਈਟਿਡ ਫਰੰਟ’ (ਟੀ.ਯੂ.ਐੱਫ਼) ਦੇ ਗੁਰਨਾਮ ਸਿੰਘ ਵਿਰਕ ਨੇ 17 ਵੋਟਾਂ ਦੇ ਫਰਕ ਨਾਲ ਜਿੱਤਿਆ। ਕਿਉਂਕਿ ਗੁਰਨਾਮ ਵਿਰਕ ਨੂੰ 233 ਅਤੇ ਉਨ੍ਹਾਂ ਦੇ ਨਿਕਟ ਵਿਰੋਧੀ ਉਮੀਦਵਾਰ ਡਾ. ਪੂਨਮ ਪਤਿਆਰ ਨੂੰ 215 ਵੋਟਾਂ ਮਿਲੀਆਂ।
ਇਸੇ ਤਰ੍ਹਾਂ ਸਕੱਤਰ ਦੀ ਪੋਸਟ ਲਈ ਪੀ.ਟੀ.ਏ ਦੇ ਇੰਜ.ਸੁਖਜਿੰਦਰ ਸਿੰਘ ਬੁੱਟਰ ਨੇ 271 ਵੋਟਾਂ ਹਾਸਲ ਕਰਦਿਆਂ, ਟੀਯੂਐਫ਼ ਦੇ ਸਿਕੰਦਰ ਸਿੰਘ ਚੀਮਾ ਨੂੰ 83 ਵੋਟਾਂ ਦੇ ਫਰਕ ਨਾਲ ਹਰਾਇਆ। ਜੁਆਇੰਟ ਸਕੱਤਰ ਕਮ ਖ਼ਜ਼ਾਨਚੀ ਦੀ ਪੋਸਟ ਲਈ ਪੀਟੀਏ ਦੇ ਡਾ. ਜਸ਼ਨਦੀਪ ਸਿੰਘ ਨੂੰ 239 ਅਤੇ ਟੀਯੂਐੱਫ਼ ਦੇ ਗੁਰਜੀਤ ਸਿੰਘ ਭੱਠਲ ਨੂੰ 218 ਵੋਟ ਪਏ। ਜਿਸ ਦੌਰਾਨ ਡਾ. ਜ਼ਸਨਦੀਪ ਸਿੰਘ 21 ਵੋਟਾਂ ਦੇ ਫਰਕ ਨਾਲ਼ ਜੇਤੂ ਰਹੇ।
ਇਸ ਤੋਂ ਇਲਾਵਾ ਕਾਰਜਕਾਰਨੀ ਦੇ ਮੈਂਬਰਾਂ ਦੀਆਂ ਸੱਤ ਪੋਸਟਾਂ ਵਿਚੋਂ ਪੀ.ਟੀ.ਏ. ਅਲਾਈਂਸ ਦੇ ਚਾਰ ਉਮੀਦਵਾਰ ਜੇਤੂ ਰਹੇ ਹਨ। ਜਿਨ੍ਹਾਂ ਵਿਚ ਡਾ. ਨਵਦੀਪ ਕਮਲ, ਡਾ. ਗੁਲਸ਼ਨ ਬਾਂਸਲ, ਡਾ. ਰਨਵਿੰਦਰਜੀਤ ਕੌਰ ਅਤੇ ਬਲਦੀਪ ਸਿੰਘ ਦੇ ਨਾਮ ਸ਼ਾਮਲ ਹਨ। ਜਦੋਂਕਿ ਡਾ. ਭੀਮਇੰੰਦਰ ਅਤੇ ਸੌਰਵ ਗੁਪਤਾ ’ਤੇ ਆਧਾਰਤ ਦੋ ਮੈਂਬਰ ਟੀ.ਯੂ.ਐੱਫ਼ ਦੇ ਜੇਤੂ ਰਹੇ। ਅਮਨਦੀਪ ਸਿੰਘ ਨਾਮ ਦਾ ਇੱਕ ਆਜ਼ਾਦ ਮੈਂਬਰ ਵੀ ਜਿੱਤਿਆ, ਜੋ ਕਿ ਤਲਵੰਡੀ ਸਾਬੋ ਕੈਂਪਸ ਨਾਲ਼ ਸਬੰਧਿਤ ਹੈ।