ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 8 ਮਾਰਚ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਕੌਮਾਂਤਰੀ ਔਰਤ ਦਿਵਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਘਰਾਂ, ਖੇਤਾਂ ਤੇ ਫੈਕਟਰੀਆਂ ’ਚ ਕੰਮ ਕਰਦੀਆਂ ਦੁਨੀਆਂ ਭਰ ਦੀਆਂ ਕਿਰਤੀ ਔਰਤਾਂ ਨੂੰ ਸਮਰਪਿਤ ਮਾਰਚ ਕੱਢਿਆ ਗਿਆ ਜਿਸ ਵਿੱਚ ਸੈਂਕੜੇ ਵਿਦਿਆਰਥੀ ਸ਼ਾਮਲ ਹੋਏ। ਇਸ ਸਮੁੱਚੇ ਪ੍ਰੋਗਰਾਮ ’ਚ ਪ੍ਰਚਾਰ, ਤਿਆਰੀ ਤੋਂ ਲੈ ਕੇ ਪ੍ਰੋਗਾਰਮ ਦੇ ਸੰਚਾਲਨ ਤੇ ਭਾਸ਼ਣਾਂ ਤੱਕ ਦੇ ਸਭ ਕੰਮਾਂ ਵਿੱਚ ਮੋਹਰੀ ਭੂਮਿਕਾ ਰਹੀਆਂ ਕੁੜੀਆਂ ਨੇ ਹੀ ਅਦਾ ਕੀਤੀ।
ਮਾਰਚ ਦੌਰਾਨ ਪੀ.ਐਸ.ਯੂ.(ਲਲਕਾਰ) ਦੀ ਆਗੂ ਸ਼੍ਰਿਸ਼ਟੀ ਨੇ ਕਿਹਾ ਕਿ ਆਮ ਤੌਰ ’ਤੇ ਔਰਤ ਦਿਵਸ ਨੂੰ ਵਧਾਈਆਂ, ਸੈਲੂਨ, ਮਾਲ ਡਿਸਕਾਊਂਟਸ ਤੱਕ ਹੀ ਸੀਮਤ ਰੱਖਿਆ ਜਾਂਦਾ ਹੈ ਪਰ ਇਹ ਸਭ ਔਰਤ ਦਿਵਸ ਦੀ ਮਹੱਤਤਾ ਨੂੰ ਬਹੁਤ ਘਟਾ ਕੇ ਪੇਸ਼ ਕਰਦਾ ਹੈ ਜਦੋਂ ਕਿ ਇਹ ਦਿਨ ਬਰਾਬਰ ਤਨਖਾਹ ਲਈ, ਕੰਮ ਦੀਆਂ ਬਿਹਤਰ ਹਾਲਤਾਂ ਲਈ ਸੜਕਾਂ ’ਤੇ ਉੱਤਰੀਆਂ ਕਿਰਤੀ ਜੁਝਾਰੂ ਵੀਰਾਂਗਣਾ ਦੀਆਂ ਕੁਰਬਾਨੀਆਂ ਦੀ ਯਾਦ ’ਚ ਪੂਰੇ ਵਿਸ਼ਵ ’ਚ ਮਨਾਉਣਾ ਸ਼ੁਰੂ ਹੋਇਆ ਸੀ। ਹਰ ਸੰਘਰਸ਼ ’ਚ ਕੁੜੀਆਂ ਬਰਾਬਰੀ ਦੇ ਪੱਧਰ ’ਤੇ ਲੜ ਰਹੀਆਂ ਹਨ। ਵੱਖ- ਵੱਖ ਵਿਭਾਗਾਂ ਦੇ ਵਿਦਿਆਰਥੀ ਕਲਾ ਭਵਨ ਕੋਲ ਇਕੱਠੇ ਹੋਏ ਅਤੇ ਇਸ ਮਾਰਚ ਦੀ ਸ਼ੁਰੂਆਤ ਕੀਤੀ ਜੋ ਮੁਲਾਜ਼ਮਾਂ ਦੇ ਰਿਹਾਇਸ਼ੀ ਇਲਾਕੇ ਵਿੱਚੋਂ ਇੰਜਨਿਅਰਿੰਗ ਵਿਭਾਗ ਤੱਕ ਤੇ ਫੇਰ ਉੱਥੋਂ ਵਾਪਸ ਲਾਇਬ੍ਰੇਰੀ ਤੱਕ ਪਹੁੰਚਿਆ। ਮਾਰਚ ਖਤਮ ਹੋਣ ਮਗਰੋਂ ਰੈਲੀ ਕੀਤੀ ਗਈ ਜਿਸ ਵਿੱਚ ਅਰਸ਼ਦੀਪ ਕੌਰ ਤੇ ਸੰਤ ਨੇ ਗੀਤ ਗਾਏ, ਪ੍ਰੀਤੀ, ਸੰਦੀਪ ਤੇ ਕੁਲਦੀਪ ਨੇ ਕਵਿਤਾਵਾਂ ਸੁਣਾਈਆਂ। ਇਸ ਤੋਂ ਇਲਾਵਾ ਨਵਜੋਤ ਕੌਰ ਨੇ ਭਾਜਪਾ ਹਕੂਮਤ ਅਧੀਨ ਔਰਤਾਂ ਖ਼ਿਲਾਫ਼ ਵਧ ਰਹੇ ਜੁਰਮਾਂ ਬਾਰੇ ਚਰਚਾ ਕੀਤੀ ਤੇ ਅਰਸ਼ਦੀਪ ਨੇ ਕੁੜੀਆਂ ਦੇ ਜੀਵਨ ’ਚ ਜਥੇਬੰਦ ਹੋਣ ਦੇ ਮਹੱਤਵ ਬਾਰੇ ਵਿਚਾਰ ਸਾਂਝੇ ਕੀਤੇ। ਮੰਚ ਸੰਚਾਲਨ ਦੀ ਭੂਮਿਕਾ ਨੇਹਾ ਨੇ ਨਿਭਾਈ। ਪੂਰੇ ਪ੍ਰੋਗਰਾਮ ਦੌਰਾਨ ‘ਜਿਉਣਾ ਹੈ ਤਾਂ ਲੜਨਾ ਪਊ, ਮੁਕਤੀ ਦਾ ਰਾਹ ਘੜਨਾ ਪਊ’, ‘ਦੁਨੀਆਂ ਭਰ ਦੀਆਂ ਕਿਰਤੀ ਔਰਤਾਂ ਨੂੰ ਲਾਲ ਸਲਾਮ’ ਦੇ ਨਾਅਰੇ ਯੂਨੀਵਰਸਿਟੀ ਦੀ ਫਿਜ਼ਾ ਵਿੱਚ ਗੂੰਜਦੇ ਰਹੇ। ਹੱਥਾਂ ਵਿੱਚ ਪੋਸਟਰ, ਬੈਨਰ ਤੇ ਝੰਡੇ ਫੜੀ ਸੈਂਕੜੇ ਕੁੜੀਆਂ ਅੱਖਾਂ ਆਉਣ ਵਾਲੀਆਂ ਨਵੀਂ ਪੀੜੀਆਂ ਨੂੰ ਸੋਹਣਾ ਸਮਾਜ ਦੇਣ ਦੀ ਆਸ ਨਾਲ ਇਸ ਮਾਰਚ ਵਿੱਚ ਸ਼ਾਮਲ ਹੋਈਆਂ।