ਖੇਤਰੀ ਪ੍ਰਤੀਨਿਧ
ਪਟਿਆਲਾ, 16 ਜੂਨ
ਇੱਥੇ ਅੱਜ ਪੀਆਰਟੀਸੀ ਵਰਕਰਜ਼ ਐਕਸ਼ਨ ਕਮੇਟੀ ਦੀ ਮੀਟਿੰਗ ਨਿਰਮਲ ਸਿੰਘ ਧਾਲੀਵਾਲ ਦੀ ਕਨਵੀਨਰਸ਼ਿਪ ਹੇਠ ਹੋਈ। ਇਸ ਵਿਚ ਪੀਆਰਟੀਸੀ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਅਤੇੇ ਪੈਨਸ਼ਨਰਾਂ ਨੂੰ ਪੈਨਸ਼ਨ ਸਮੇਂ ਸਿਰ ਨਾ ਮਿਲਣ ਦਾ ਗੰੰਭੀਰ ਨੋਟਿਸ ਲਿਆ ਗਿਆ। ਐਕਸ਼ਨ ਕਮੇਟੀ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਵੱਲ ਪੀਆਰਟੀਸੀ ਦੇ ਖੜ੍ਹੇ 200 ਕਰੋੜ ਦੇ ਬਕਾਇਆਂ ਦਾ ਭੁਗਤਾਨ ਨਾ ਕੀਤੇ ਜਾਣ ਦਾ ਖਮਿਆਜ਼ਾ ਮੁਲਾਜ਼ਮਾਂ ਨੂੰ ਭੁਗਤਣਾ ਪੈ ਰਿਹਾ ਹੈ। ਕਿਉਂਕਿ ਮੁਲਾਜਮਾਂ ਨੂੰ ਤਨਖਾਹਾਂ ਤੇ ਪੈਨਸ਼ਨਾਂ ਲੈਣ ਖਾਤਰ ਵੀ ਜਦੋ ਜਹਿਦ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਡਿਪੂ ਵਿੱਚ ਟਿਕਟ ਮਸ਼ੀਨਾਂ ਰਾਹੀਂ ਹੋਏ ਬਹੁਕਰੋੜੀ ਸਕੈਂਡਲ ਦੇ ਸੂਤਰਧਾਰ ਜਨਰਲ ਮੈਨੇਜਰ ਵਿਰੁੱਧ ਕੋਈ ਐਕਸ਼ਨ ਨਾ ਲਏ ਜਾਣ ਅਤੇ ਕਿੱਲੋਮੀਟਰ ਸਕੀਮ ਦੀਆਂ ਬੱਸਾਂ ਦੇ ਕੰਟਰੈਕਟ ਵਿੱਚ ਵਾਧਾ ਨਾ ਕਰਨ ਸਬੰਧੀ 21 ਜੂਨ ਨੂੰ ਪਟਿਆਲਾ ਵਿੱਚ ਬੱਸ ਸਟੈਂਡ ਦੇ ਸਾਹਮਣੇ ਸਰਕਾਰ ਅਤੇ ਪੀਆਰਟੀਸੀ ਮੈਨੇਜਮੈਂਟ ਵਿਰੁੱਧ ਪ੍ਰ੍ਰਦਰਸ਼ਨ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ 6 ਜਥੇਬੰਦੀਆਂ ਦੇ ਪ੍ਰਮੁੱਖ ਆਗੂ ਬਲਦੇਵ ਰਾਜ, ਗੰਡਾ ਸਿੰਘ, ਗੁਰਵਿੰਦਰ ਸਿੰਘ ਗੋਲਡੀ, ਬਿਕਰਮਜੀਤ ਸ਼ਰਮਾ, ਨਸੀਬ ਚੰਦ, ਤਰਸੇਮ ਸਿੰਘ ਅਤੇ ਰਮੇਸ਼ ਕੁਮਾਰ ਸ਼ਾਮਲ ਹੋਏ। ਐਕਸ਼ਨ ਕਮੇਟੀ ਨੇ ਵਰਕਰਾਂ ਨੂੰ ਮੁਜ਼ਾਹਰੇ ਵਿੱਚ ਪੁੱਜਣ ਦੀ ਅਪੀਲ ਕੀਤੀ।