ਰਵੇਲ ਸਿੰਘ ਭਿੰਡਰ
ਪਟਿਆਲਾ, 28 ਜੂਨ
ਲੌਕਡਾਊਨ ਮਗਰੋਂ ਬਾਕੀ ਕਾਰੋਬਾਰ ਪੜਅਵਾਰ ਭਾਵੇਂ ਖੁੱਲ ਰਹੇ ਹਨ ਪਰ ਪੰਜਾਬ ਅੰਦਰ ਜਿਮ ਤੇ ਫਿੱਟਨੈਸ ਸੈਂਟਰਾਂ ਨੂੰ ਹਾਲੇ ਤਾਲੇ ਹੀ ਜੜੇ ਹੋਏ ਹਨ। ਅਜਿਹੇ ’ਚ ਜਿਮ ਤੇ ਫਿੱਟਨੈਸ ਸੈਂਟਰਾਂ ਦੇ ਵਿਦਿਆਰਥੀਆਂ ਤੇ ਮਾਲਕਾਂ ’ਚ ਸਖਤ ਰੋਸ ਹੈ ਕਿ ਆਖ਼ਿਰ ਬਾਕੀ ਵਪਾਰਕ ਪੱਧਰ ਦੇ ਕਾਰੋਬਾਰਾਂ ਨੂੰ ਤਾਂ ਖੋਲ੍ਹਿਆ ਜਾ ਰਿਹਾ ਪਰ ਸਰੀਰਕ ਵਰਜ਼ਿਸ ਸੈਂਟਰਾਂ ਨੂੰ ਅਣਗੌਲੇ ਹੀ ਕੀਤਾ ਜਾ ਰਿਹਾ ਹੈ। ਜਿਮ ਤੇ ਫਿੱਟਨੈਸ ਸੈਂਂਟਰ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਤੇ ਪੰਜਾਬ ਕਾਂਗਰਸ ਦੇ ਐਂਟੀ ਨਾਰਕੋਟਿਕ ਸੈੱਲ ਦੇ ਚੇਅਰਮੈਨ ਰਣਜੀਤ ਸਿੰਘ ਨਿੱਕੜਾ ਦੀ ਅਗਵਾਈ ਹੇਠ ਅਜਿਹੇ ਮਾਮਲੇ ’ਤੇ ਸ਼ਹਿਰ ਅੰਦਰ ਕਈ ਦਿਨਾਂ ਤੋਂ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਅੱਜ ਵੀ ਨਿੱਕੜਾ ਦੀ ਅਗਵਾਈ ਹੇਠ ਰੋਸ ਬੈਠਕ ਕੀਤੀ ਗਈ। ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਨਿੱਕੜਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਜਿਵੇਂ ਪੰਜਾਬ ਸਰਕਾਰ ਨੇ ਵੱਡੀਆਂ ਛੋਟੀਆਂ ਸਾਰੀਆਂ ਬੱਸਾਂ ਫੁੱਲ ਸਵਾਰੀਆਂ ਨਾਲ ਭਰਨ ਦੀ ਇਜਾਜ਼ਤ ਦਿੱਤੀ ਹੈ, ਉਸੇ ਤਰਜ਼ ’ਤੇ ਜਿਮ ਤੇ ਫਿੱਟਨੈਸ ਸੈਂਟਰਾਂ ਨੂੰ ਵੀ 20 ਵਿਦਿਆਰਥੀਆਂ ਤੱਕ ਵਰਜ਼ਿਸ਼ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਆਖਿਆ ਕਿ ਕੇਂਦਰ ਵੱਲੋਂ ਬਹੁਤ ਸਾਰੇ ਕਾਰੋਬਾਰ ਤਾਂ ਪੜਾਅਵਾਰ ਖੋਲ੍ਹੇ ਜਾ ਚੁੱਕੇ ਹਨ, ਪਰ ਜਿਮਾਂ ਤੇ ਫਿੱਟਨੈਸ ਸੈਂਟਰਾਂ ਨੂੰ ਖੋਲ੍ਹਣ ਸਬੰਧੀ ਪੰਜਾਬ ਸਰਕਾਰ ਨੂੰ ਦਿਸ਼ਾ ਨਿਰਦੇਸ਼ ਨਹੀ ਦਿੱਤੇ ਜਾ ਰਹੇ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੀ ਜਵਾਨੀ ਨੂੰ ਬਚਾਉਣ ਤੇ ਨਸ਼ਿਆਂ ਦੇ ਕੁਰਾਹੇ ਪੈਣ ਤੋਂ ਰੋਕਣ ਲਈ ਫਿਟ ਇੰਡੀਆ ਦਾ ਨਾਅਰਾ ਦੇਣ ਵਾਲੀ ਕੇਂਦਰ ਦੀ ਮੋਦੀ ਸਰਕਾਰ ਤੁਰੰਤ ਜਿਮ ਤੇ ਫਿੱਟਨੈਸ ਸੈਂਟਰ ਖੋਲ੍ਹਣ ਦੀ ਇਜਾਜ਼ਤ ਦੇਵੇ। ਵੱਖ ਵੱਖ ਸੈਂਟਰਾਂ ਦੇ ਮਾਲਕਾਂ ਵੱਲੋਂ ਇਹ ਵੀ ਮੰਗ ਕੀਤੀ ਗਈ ਕਿ ਕਿ ਜਿਹੜੀਆਂ ਬਿਲਡਿੰਗਾਂ ’ਚ ਜਿਮ ਖੋਲ੍ਹੇ ਗਏ ਹਨ ਉਨ੍ਹਾਂ ਦੇ ਕਿਰਾਏ ਤੇ ਬਿਜਲੀ ਦੇ ਬਿੱਲ ਮੁਆਫ ਕੀਤੇ ਜਾਣ ਤਾਂ ਕਿ ਇਹ ਇੰਡਸਟਰੀ ਬਚੀ ਰਹੇ।