ਰਵੇਲ ਸਿੰਘ ਭਿੰਡਰ
ਪਟਿਆਲਾ, 23 ਸਤੰਬਰ
ਪੰਜਾਬੀ ਯੂਨੀਵਰਸਿਟੀ ਦੀਆਂ ਨਾਨ ਟੀਚਿੰਗ ਏ ਕਲਾਸ ਤੇ ਬੀ ਕਲਾਸ ਐਸੋਸੀਏਸ਼ਨ ਵੱਲੋਂ ਯੂਨੀਵਰਸਿਟੀ ਦੇ ਪ੍ਰਬੰਧਕੀ ਬਲਾਕ ਦੋ ਅੱਗੇ ਅੱਜ ਸਾਂਝੇ ਤੌਰ ’ਤੇ ਏ ਕਲਾਸ ਐਸੋਸੀਏਸ਼ਨ ਦੇ ਪ੍ਰਧਾਨ ਡਾ. ਦਲਬੀਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਮੁਲਾਜ਼ਮ ਮੰਗਾਂ ਨੂੰ ਲੈ ਕੇ ਰੋਸ ਧਰਨਾ ਦਿੱਤਾ ਗਿਆ। ਨਾਨ ਟੀਚਿੰਗ ਮੁਲਾਜ਼ਮਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਰੁਕੀਆਂ ਪਦਉਨਤੀਆਂ ਤੇ ਹੋਰ ਮਸਲਿਆਂ ਨੂੰ ਲੈ ਕੇ ਰਜਿਸਟਰਾਰ ਤੇ ਡੀਨ ਅਕਾਦਮਿਕ ਦਫ਼ਤਰ ਖ਼ਿਲਾਫ਼ ਜੰਮ ਕੇ ਭੜਾਸ ਕੱਢੀ ਗਈ।
ਇਸ ਮੌਕੇ ਸਮੂਹ ਨਾਨ ਟੀਚਿੰਗ ਧਿਰਾਂ ਨੇ ਇੱਕਮੁੱਠਤਾ ਦਾ ਪ੍ਰਗਟਾਵਾ ਕਰਦਿਆਂ ਆਪਣੀਆਂ ਚਿਰੋਕਣੇ ਚਿਰ ਤੋਂ ਲਮਕ ਰਹੀਆਂ ਮੰਗਾਂ ਦੀ ਅਵਾਜ਼ ਬੁਲੰਦ ਕੀਤੀ ਗਈ। ਯੂਨੀਵਰਸਿਟੀ ਅਥਾਰਟੀ ਖ਼ਿਲਾਫ਼ ਇਸ ਗੱਲੋਂ ਡਾਢੀ ਰੰਜਿਸ਼ ਜਾਹਿਰ ਕੀਤੀ ਗਈ ਕਿ ਪਿਛਲੇ ਸਮੇਂ ਅਧਿਕਾਰਤ ਤੌਰ ’ਤੇ ਪਾਸ ਕੀਤੇ ਫੈਸਲਿਆਂ ਨੂੰ ਵੀ ਲਾਗੂ ਕਰਨ ਤੋਂ ਹਿਚਕਾਹਟ ਕਰ ਰਿਹਾ ਹੈ, ਜਿਸ ਨਾਲ ਮੁਲਾਜ਼ਮਾਂ ਦੇ ਮਸਲੇ ਸਾਲਾਂਬੱਧੀ ਵਿਚਾਲੇ ਫਸੇ ਹੋਏ ਹਨ। ਅਜਿਹੇ ’ਚ ਜਿਥੇ ਤਰੱਕੀਆਂ ਰੁਕੀਆਂ ਹੋਈਆਂ ਹੋਈਆਂ ਹਨ, ਉਥੇ ਦਫ਼ਤਰੀ ਕੰਮਕਾਜ਼ ਵੀ ਪ੍ਰਭਾਵਿਤ ਹੋ ਰਹੇ ਹਨ। ਏ ਕਲਾਸ ਨਾਨ ਟੀਚਿੰਗ ਐਸੋਸੀਏਸ਼ਨ ਦੇ ਪ੍ਰਧਾਨ ਡਾ. ਦਲਬੀਰ ਸਿੰਘ ਰੰਧਾਵਾ ਨੇ ਆਖਿਆ ਕਿ ਜੇ ਅਥਾਰਿਟੀ ਨੇ ਮੰਗਾਂ ਨੂੰ ਵਿਸਾਰੀ ਰੱਖਿਆ ਤਾਂ ਸੰਘਰਸ਼ ਨੂੰ ਵੱਡੇ ਪੱਧਰ ’ਤੇ ਛੇੜਿਆ ਜਾਵੇਗਾ। ਰੋਸ ਧਰਨੇ ਨੂੰ ਸਾਬਕਾ ਪ੍ਰਧਾਨ ਗੁਰਿੰਦਰਪਾਲ ਸਿੰਘ ਬੱਬੀ, ਐਡਹਾਕ ਕਮੇਟੀ ਨਾਨ ਟੀਚਿੰਗ ਐਸੋਸੀਏਸ਼ਨ ਦੇ ਕਨਵੀਨਰ ਅਵਤਾਰ ਸਿੰਘ, ਸੇਵਾ ਸਿੰਘ, ਬਚਿੱਤਰ ਸਿੰਘ, ਜਰਨੈਲ ਸਿੰਘ, ਪਵਨਦੀਪ ਸਿੰਘ ,ਗਿਆਨ ਸਿੰਘ, ਪਵਨਦੀਪ ਸਿੰਘ ਨੇ ਵੀ ਸੰਬੋਧਨ ਕੀਤਾ। ਉਧਰ,ਵਾਈਸ ਚਾਂਸਲਰ ਦਫ਼ਤਰ ਅੱਗੇ ਅਧਿਆਪਕਾਂ ਤੇ ਕਰਚਮਾਚੀਆਂ ਦੀ ‘ਜੁਆਇੰਟ ਐਕਸ਼ਨ ਕਮੇਟੀ’ ਵੱਲੋਂ ਅਣਮਿਥੇ ਸਮੇਂ ਦਾ ਰੋਸ ਧਰਨਾ ਅੱਜ ਵੀ ਜਾਰੀ ਰਿਹਾ। ਪਿਛਲੇ ਕਰੀਬ ਡੇਢ ਮਹੀਨੇ ਤੋਂ ਜਾਰੀ ਇਸ ਰੋਸ ਧਰਨੇ ਦੌਰਾਨ ਯੂਨੀਵਰਸਿਟੀ ਅਥਾਰਟੀ ਦੀ ਵਿੱਤੀ ਹਾਲਤ ’ਚ ਸੁਧਾਰ ਤੇ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹ ਦੇਣ ਦੀ ਮੰਗ ’ਚ ਜ਼ੋਰ ਦਿੱਤਾ ਗਿਆ।
ਉਧਰ ਪੰਜਾਬੀ ਯੂਨੀਵਰਸਿਟੀ ’ਚ ਪਹਿਲੀ ਅਕਤੂਬਰ ਨੂੰ ਹੋ ਰਹੀਆਂ ਪੂਟਾ ਚੋਣਾਂ ਲਈ ਪਿੜ ਮਘ ਰਿਹਾ ਹੈ। ਇਹ ਚੋਣਾਂ ਲਈ ਅੱਜ ਨਾਮਜ਼ਦਗੀਆਂ ਦੀ ਛਾਣਬੀਣ ਸੀ। ਜਦੋਂਕਿ ਭਲਕੇ ਨਾਮਜ਼ਦਗੀਆਂ ਦੇ ਵਾਪਿਸ ਲੈਣ ਦੀ ਤਾਰੀਕ ਹੈ। ਸਮਝਿਆ ਜਾ ਰਿਹਾ ਹੈ ਕਿ ਇਨ੍ਹਾਂ ਚੋਣਾਂ ’ਚ ਕੁੱਦ ਰਹੇ ਅਧਿਆਅਪਕ ਗੁੱਟਾਂ ਸਬੰਧੀ ਭਲਕੇ ਮੁਕੰਮਲ ਤਸਵੀਰ ਤੇ ਟੀਮ ਸਾਹਮਣੇ ਆ ਜਾਏਗੀ। ਭਲਕੇ ਦੁਪਹਿਰ ਬਾਅਦ ਇੱਕ ਵਜੇ ਤੱਕ ਨਾਮਜ਼ਦਗੀਆਂ ਵਾਪਿਸ ਲਈਆਂ ਜਾ ਸਕਦੀਆਂ ਹਨ।