ਘਨੌਰ (ਪੱਤਰ ਪੇ੍ਰਕ): ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਕੇਂਦਰੀ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਸੱਦੇ ’ਤੇ ਸੈਂਕੜੇ ਕਿਸਾਨਾਂ ਵੱਲੋਂ ਕਿਸਾਨ ਆਗੂਆਂ ਧਰਮਪਾਲ ਸਿੰਘ ਸੀਲ, ਗੁਲਜਾਰ ਸਿੰਘ ਸਲੇਮਪੁਰ, ਮਨਿੰਦਰਜੀਤ ਸਿੰਘ ਵਿੱਕੀ, ਗੁਰਦਰਸ਼ਨ ਸਿੰਘ ਖਾਸਪੁਰ, ਚਰਨਜੀਤ ਸਿੰਘ ਝੁੰਗੀਆ, ਪਵਨ ਕੁਮਾਰ ਸੋਗਲਪੁਰ ਅੇਤ ਮਾਨ ਸਿੰਘ ਰਾਜਪੁਰਾ ਦੀ ਅਗਵਾਈ ਵਿੱਚ ਦਿੱਲੀ-ਅੰਮ੍ਰਿਤਸਰ ਮੁੱਖ ਰੇਲ ਮਾਰਗ ਤੇ ਸ਼ੰਭੂ ਰੇਲਵੇ ਸਟੇਸ਼ਨ ਨੇੜੇ ਰੇਲ ਆਵਾਜਾਈ ਠੱਪ ਕਰਕੇ ਰੋਸ ਧਰਨਾ ਦਿੱਤਾ ਗਿਆ। ਸਵੇਰੇ 10 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਦਿੱਤੇ ਗਏ ਧਰਨੇ ਦੌਰਾਨ ਇਸ ਖੇਤਰ ਵਿੱਚੋਂ ਗੁਜ਼ਰਨ ਵਾਲੀਆਂ ਤਿੰਨ ਮੇਲ ਅਤੇ ਐਕਸਪ੍ਰੈਸ ਰੇਲ ਗੱਡੀਆਂ-ਦਿੱਲੀ-ਅੰਮ੍ਰਿਤਸਰ ਸੁਪਰਫਾਸਟ, ਗੰਗਾਨਗਰ-ਹਰੀਦੁਆਰ ਨੂੰ ਰਾਜਪੁਰਾ ਅਤੇ ਸ਼ਤਾਬਦੀ ਐਕਸਪ੍ਰੈਸ ਨੂੰ ਸ਼ੰਭੂ ਰੇਲਵੇ ਸਟੇਸ਼ਨ ’ਤੇ ਰੁਕਣਾ ਪਿਆ। ਦਰਜਨਾਂ ਹੋਰ ਮਾਲ ਅਤੇ ਸਵਾਰੀ ਰੇਲਾਂ ਪ੍ਰਭਾਵਿਤ ਹੋਈਆਂ। ਧਰਨੇ ਦੌਰਾਨ ਕਿਸਾਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂਆਂ ਨੇ ਉਤਰ ਪ੍ਰਦੇਸ਼ ਦੇ ਲਖੀਮਪੁਰ ਖਿਰੀ ਦੇ ਕਿਸਾਨ ਕਤਲੇਆਮ ਦੀ ਘਟਨਾ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਦਿੱਤਯਨਾਥ ਯੋਗੀ, ਅਮਿਤ ਸ਼ਾਹ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਭੰਡਿਆ।