ਪੱਤਰ ਪ੍ਰੇਰਕ
ਘਨੌਰ, 17 ਮਾਰਚ
ਭਾਖੜਾ ਦੀ ਨਰਵਾਣਾ ਬ੍ਰਾਂਚ ਨਹਿਰ ਵਿੱਚੋਂ ਪਿੰਡ ਮੰਡੌਲੀ ਨੇੜਿਓਂ ਨਿਕਲਦੇ ਉਦੈਪੁਰ ਮਾਈਨਰ (ਰਜਬਾਹਾ) ਨੂੰ ਪੱਕਾ ਕਰਨ ਸਮੇਂ ਨਹਿਰੀ ਵਿਭਾਗ ਵੱਲੋਂ ਨਿਯਮਾਂ ਦੇ ਉਲਟ ਕੀਤੀ ਜਾ ਰਹੀ ਡੂੰਘਾਈ ਦੇ ਵਿਰੋਧ ਵਿੱਚ ਕਿਸਾਨਾਂ ਦਾ ਰੋਸ ਧਰਨਾ 16ਵੇਂ ਦਿਨ ਜਾਰੀ ਰਿਹਾ। ਧਰਨੇ ਦੌਰਾਨ ਕਿਸਾਨਾਂ ਵੱਲੋਂ ਨਹਿਰੀ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪਿੰਡ ਰੁੜਕਾ ਨੇੜੇ ਕਿਸਾਨਾਂ ਦੇ ਰੋਸ ਧਰਨੇ ਦੀ ਅਗਵਾਈ ਕਰ ਰਹੇ ਕਿਸਾਨ ਆਗੂਆਂ ਹਰਵਿੰਦਰ ਸਿੰਘ ਮਿੱਠੂ ਉਕਸੀ, ਜਗਤਾਰ ਸਿੰਘ, ਅਮਰੀਕ ਸਿੰਘ ਸਿਆਲੂ ਅਤੇ ਗੁਰਦੀਪ ਸਿੰਘ ਰੁੜਕੀ ਸਮੇਤ ਹੋਰਨਾਂ ਨੇ ਦੱਸਿਆ ਕਿ ਜੇ ਰਜਵਾਹੇ ਦੀ ਡੂੰਘਾਈ ਦਾ ਲੈਵਲ ਪਹਿਲਾਂ ਵਾਲਾ ਨਾ ਕੀਤਾ ਗਿਆ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ। ਨਹਿਰੀ ਵਿਭਾਗ ਦੀ ਐਕਸੀਅਨ ਜਸਦੀਪ ਕੌਰ ਜਵੰਧਾ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਰਜਵਾਹੇ ਨੂੰ ਪੱਕਾ ਕਰਨ ਦਾ ਡਿਜ਼ਾਇਨ ਬਿਲਕੁਲ ਠੀਕ ਹੈ। ਇਸ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾ ਸਕਦੀ। ਕਿਸਾਨ ਦੋ ਹਫਤੇ ਤੋਂ ਉਸਾਰੀ ਦਾ ਕੰਮ ਰੋਕੀ ਬੈਠੇ ਹਨ। ਵਾਰ ਵਾਰ ਗੱਲਬਾਤ ਕਰਨ ’ਤੇ ਵੀ ਧਰਨਾ ਚੁੱਕਣ ਲਈ ਤਿਆਰ ਨਹੀਂ।