ਹਰਵਿੰਦਰ ਕੌਰ ਨੌਹਰਾ
ਨਾਭਾ, 29 ਜੂਨ
ਭਾਰਤ ਦੀਆਂ ਪ੍ਰਮੁੱਖ ਚਾਰ ਖੱਬੇਪੱਖੀ ਪਾਰਟੀਆਂ ਵੱਲੋਂ ਵਧ ਰਹੀ ਮਹਿੰਗਾਈ, ਅਸਮਾਨ ਛੂੰਹਦੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਰੁੱਧ 15 ਤੋਂ 30 ਜੂਨ ਤੱਕ ਸੰਘਰਸ਼ ਦੇ ਦਿੱਤੇ ਸੱਦੇ ਤਹਿਤ ਅੱਜ ਨਾਭਾ ਵਿੱਚ ਸੀ.ਪੀ.ਆਈ. ਦੇ ਸੈਂਕੜੇ ਵਰਕਰਾਂ ਨੇ ਬੱਸ ਅੱਡੇ ਨੇੜੇ ਰੈਲੀ ਕੀਤੀ ਤੇ ਸਰਕਾਰ ਦਾ ਪੁਤਲਾ ਫੂਕਿਆ। ਇਸ ਮਗਰੋਂ ਵਰਕਰਾਂ ਨੇ ਮਹਿੰਗਾਈ ਵਿਰੋਧੀ ਮਾਰਚ ਕੱਢਿਆ, ਜਿਸ ਦੀ ਅਗਵਾਈ ਸੀਪੀਆਈ ਦੇ ਸੂਬਾਈ ਆਗੂ ਕਸ਼ਮੀਰ ਸਿੰਘ ਗਦਾਈਆ, ਸੀਪੀਆਈ ਦੇ ਤਹਿਸੀਲ ਸਕੱਤਰ ਕਾਮਰੇਡ ਬਲਦੇਵ ਸਿੰਘ ਬਾਬਰਪੁਰ, ਕਾਮਰੇਡ ਮਹਿੰਦਰਜੀਤ ਸਿੰਘ ਚੌਹਾਨ, ਬੱਗਾ ਸਿੰਘ ਗਲਵੱਟੀ, ਅਜੈਬ ਸਿੰਘ ਤੂੰਗਾਂ, ਰੌਸ਼ਨ ਸਿੰਘ ਬਿਸ਼ਨਗੜ੍ਹ, ਜਗਤਾਰ ਸਿੰਘ ਬਿਸ਼ਨਗੜ੍ਹ, ਸਰਵ ਭਾਰਤ ਨੌਜਵਾਨ ਸਭਾ ਦੇ ਆਗੂ ਦਲਜੀਤ ਕੌਰ ਅਤੇ ਮੋਹਣ ਸਿੰਘ ਨੇ ਕੀਤੀ। ਇਸ ਮੌਕੇ ਵਰਕਰਾਂ ਨੇ ‘ਮੋਦੀ ਹਕੂਮਤ ਮੁਰਦਾਬਾਦ’, ‘ਵਧ ਰਹੀ ਮਹਿੰਗਾਈ ਘੱਟ ਕਰੋ’, ‘ਪੈਟਰੋਲ ਡੀਜ਼ਲ ਦੀਆਂ ਕੀਮਤਾਂ ਘੱਟ ਕਰੋ’, ‘ਖਾਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਘੱਟ ਕਰੋ’, ‘ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰੋ’, ‘ਐੱਮ.ਐੱਸ.ਪੀ. ਨੂੰ ਕਾਨੂੰਨੀ ਰੂਪ ਦਿਓ’ ਆਦਿ ਨਾਅਰੇ ਲਗਾ ਕੇ ਰੋਸ ਪ੍ਰਗਟਾਇਆ। ਇਸ ਤੋਂ ਬਾਅਦ ਮਾਰਚ ਕਰ ਕੇ ਸੈਂਕੜੇ ਵਰਕਰਾਂ ਨੇ ਗੈਸਟ ਹਾਊਸ ਕੋਲ ਮੋਦੀ ਦਾ ਪੁਤਲਾ ਫੂਕਿਆ।
ਇਸ ਮੌਕੇ ਚਰਨਜੀਤ ਕੌਰ ਕਕਰਾਲਾ, ਗਿਆਨ ਕੌਰ ਅਲੌਹਰਾਂ, ਕਿਰਨਜੀਤ ਕੌਰ ਮੈਹਸ, ਅੰਮ੍ਰਿਤਪਾਲ ਕੌਰ ਨਾਨੋਵਾਲ ਆਦਿ ਹਾਜ਼ਰ ਸਨ।